ਮਾਨਸਾ ਵਿੱਚ ਨਸ਼ਾ ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਮਾਮਲੇ ਵਿੱਚ ਮੰਗਲਵਾਰ ਦੇਰ ਰਾਤ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਮੁੱਖ ਦੋਸ਼ੀ ਨੂੰ ਰਾਜਸਥਾਨ ਤੋਂ ਕਾਬੂ ਕਰ ਲਿਆ ਗਿਆ ਹੈ।
ਇਸ ਦੌਰਾਨ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪਰਵਿੰਦਰ ਝੋਟੇ ਦੇ ਪਰਿਵਾਰ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਇੱਕ ਪੋਸਟ ਰਾਹੀਂ ਕਿਹਾ ਕਿ ਉਹ ਪਰਵਿੰਦਰ ਝੋਟੇ ਦੇ ਦੋਵਾਂ ਬੱਚਿਆਂ ਦੀ ਪੜ੍ਹਾਈ ਅਤੇ ਪਾਲਣ-ਪੋਸ਼ਣ ਦੀ ਪੂਰੀ ਜ਼ਿੰਮੇਵਾਰੀ ਚੁੱਕਣਗੇ। ਉਨ੍ਹਾਂ ਨੇ ਨਸ਼ਾ-ਵਿਰੋਧੀ ਕਾਰਕੁਨ ਦੇ ਬੇਰਹਿਮ ਕਤਲ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਦੀ ਹਿੰਮਤ ਤੇ ਕੁਰਬਾਨੀ ਨੂੰ ਸ਼ਰਧਾਂਜਲੀ ਵਜੋਂ ਇਹ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਇਸ ਘਾਟੇ ਦੇ ਬਾਵਜੂਦ ਬੱਚਿਆਂ ਦੇ ਸੁਪਨੇ ਜ਼ਿੰਦਾ ਰਹਿਣ ਅਤੇ ਭਵਿੱਖ ਸੁਰੱਖਿਅਤ ਰਹੇ।
ਸਾਹਨੀ ਨੇ ਅੱਗੇ ਕਿਹਾ ਕਿ ਪੰਜਾਬ ਪੀੜਾਂ ਵਿੱਚੋਂ ਲੰਘ ਰਿਹਾ ਹੈ ਅਤੇ ਨਸ਼ਿਆਂ ਵਿਰੁੱਧ ਲੜਾਈ ਕਮਜ਼ੋਰ ਨਹੀਂ ਪੈਣੀ ਚਾਹੀਦੀ। ਕਿਸੇ ਆਵਾਜ਼ ਨੂੰ ਚੁੱਪ ਕਰਵਾਇਆ ਜਾ ਸਕਦਾ ਹੈ ਪਰ ਮਿਸ਼ਨ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਲੜਾਈ ਹੋਰ ਵੱਡੇ ਦ੍ਰਿੜ੍ਹ ਸੰਕਲਪ ਨਾਲ ਜਾਰੀ ਰਹੇਗੀ।
ਦੱਸ ਦਈਏ ਕਿ ਲੰਘੇ ਕੱਲ੍ਹ ਇੱਕ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਕੈਮਿਸਟ ਅਸ਼ਵਨੀ ਕੁਮਾਰ ਵੱਲੋਂ ਸਮਾਜਿਕ ਕਾਰਕੁਨ ਪਰਮਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

