ਬਿਉਰੋ ਰਿਪੋਰਟ – ਖਡੂਰ ਸਾਰਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ (MP Amritpal Singh) ਦੀ ਰਿਹਾਈ ਦੇ ਲਈ ਕੱਲ੍ਹ ਫਰੀਦਕੋਟ ਤੋਂ ਅਜ਼ਾਦ ਐੱਮਪੀ ਸਰਬਜੀਤ ਸਿੰਘ ਖ਼ਾਲਸਾ (MP Sarabjit Singh Khalsa) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੂੰ ਮਿਲਣ ਜਾ ਰਹੇ ਹਨ। ਉਨ੍ਹਾਂ ਨੇ ਆਪ ਦੱਸਿਆ ਕਿ ਮੈਂ ਗ੍ਰਹਿ ਮੰਤਰੀ ਤੋਂ ਅੰਮ੍ਰਿਤਪਾਲ ਸਿੰਘ ਦੇ ਮੁੱਦੇ ’ਤੇ ਸਮਾਂ ਮੰਗਿਆ ਸੀ। ਅੰਮ੍ਰਿਤਪਾਲ ਸਿੰਘ ਦੀ ਪਾਰਲੀਮੈਂਟ ਵਿੱਚ ਸਹੁੰ ਚੁਕਾਉਣ ਨੂੰ ਲੈ ਕੇ ਵੀ ਸਰਬਜੀਤ ਸਿੰਘ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਸਪੀਕਰ ਓਮ ਬਿਰਲਾ ਨਾਲ ਮੀਟਿੰਗ ਕੀਤੀ ਸੀ ਜਿਸ ਤੋਂ ਬਾਅਦ ਹੀ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁਕਣ ਦਾ ਸਮਾਂ ਤੈਅ ਹੋਇਆ ਸੀ।
ਸਰਬਜੀਤ ਸਿੰਘ ਨੇ ਕਿਹਾ ਮੈਂ ਲੋਕ ਸਭਾ ਵਿੱਚ ਵੀ ਬੋਲਣ ਦਾ ਸਮਾਂ ਮੰਗਿਆ ਸੀ ਪਰ ਮੈਨੂੰ ਹੁਣ ਤੱਕ ਮੌਕਾ ਨਹੀਂ ਮਿਲਿਆ ਹੈ ਕਿਉਂਕਿ ਜ਼ੀਰੋ ਓਵਰ ਵਿੱਚ ਸਿਰਫ਼ 20 ਲੋਕਾਂ ਨੂੰ ਹੀ ਪਰਚੀ ਦੇ ਨਾਲ ਬੋਲਣ ਦਾ ਮੌਕਾ ਮਿਲਦਾ ਹੈ। ਮੇਰੀ ਹੁਣ ਤੱਕ ਪਰਚੀ ਨਹੀਂ ਨਿਕਲੀ ਹੈ।
ਸਰਬਜੀਤ ਸਿੰਘ ਨੇ ਕਾਂਗਰਸ ਦੇ ਐੱਮਪੀ ਚਰਨਜੀਤ ਸਿੰਘ ਚੰਨੀ ਦੀ ਤਾਰੀਫ ਕਰਦੇ ਹੋਏ ਕਿਹਾ ਉਨ੍ਹਾਂ ਬਿਨਾਂ ਪਾਰਟੀ ਲਾਈਨ ਦੀ ਪਰਵਾਹ ਕੀਤੇ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਚੁੱਕਿਆ। ਇਸ ਦੌਰਾਨ ਸਰਬਜੀਤ ਸਿੰਘ ਨੇ ਨਵੀਂ ਪਾਰਟੀ ਅਤੇ ਉਸ ਦੇ ਪ੍ਰਧਾਨ ਨੂੰ ਲੈ ਕੈ ਵੀ ਵੱਡਾ ਬਿਆਨ ਦਿੱਤਾ ਹੈ।
ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਸਿੰਘ ਦੇ ਨਾਲ ਮਿਲ ਕੇ ਨਵੀਂ ਪਾਰਟੀ ਬਣਾਉਣਗੇ, ਜਿਸ ਦੇ ਨਾਂ ਨਾਲ ਅਕਾਲੀ ਸ਼ਬਦ ਜ਼ਰੂਰ ਜੁੜਿਆ ਹੋਵੇਗਾ। ਉਨ੍ਹਾਂ ਕਿਹਾ ਜੇਕਰ ਅੰਮ੍ਰਿਤਪਾਲ ਸਿੰਘ ਦੀ SGPC ਦੀ ਚੋਣਾਂ ਤੋਂ ਪਹਿਲਾਂ ਰਿਹਾਈ ਨਾ ਹੋਈ ਤਾਂ ਉਹ ਅੰਮ੍ਰਿਤਪਾਲ ਦੇ ਪਿਤਾ ਨੂੰ ਪਾਰਟੀ ਦੀ ਅਗਵਾਈ ਕਰਨ ਦੀ ਅਪੀਲ ਕਰਨਗੇ। ਐੱਮਪੀ ਸਰਬਜੀਤ ਸਿੰਘ ਨੇ ਕਿਹਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹਰ ਹਾਲਤ ਵਿੱਚ ਲੜਨੀ ਹੈ। ਅੰਮ੍ਰਿਤਪਾਲ ਸਿੰਘ ਨੇ ਵੀ 5 ਜੁਲਾਈ ਨੂੰ ਪਿਤਾ ਨਾਲ ਮੁਲਾਕਾਤ ਤੋਂ ਬਾਅਦ ਸੁਨੇਹਾ ਭੇਜਿਆ ਸੀ।
ਹਾਲਾਂਕਿ ਸਰਬਜੀਤ ਸਿੰਘ ਨੇ ਜ਼ਿਮਨੀ ਚੋਣ ਨੂੰ ਲੈ ਕੇ ਜ਼ਿਆਦਾ ਦਿਲਚਸਪੀ ਨਹੀਂ ਵਿਖਾਈ। ਉਨ੍ਹਾਂ ਕਿਹਾ ਕਿ ਅਸੀਂ 2027 ਦੀਆਂ ਤਿਆਰੀਆਂ ਕਰਾਂਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅੰਮ੍ਰਿਤਪਾਲ ਦੇ ਨਾਲ ਜੇਲ੍ਹ ਵਿੱਚ ਸਾਥੀਆਂ ਨੇ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ ਤਾਂ ਉਨ੍ਹਾਂ ਕਿਹਾ ਇੱਕ ਵਾਰ ਬਿਆਨ ਜ਼ਰੂਰ ਸਾਹਮਣੇ ਆਇਆ ਪਰ ਉਸ ਤੋਂ ਬਾਅਦ ਕੋਈ ਚਰਚਾ ਨਹੀਂ ਹੋਈ ਹੈ।