ਬਿਉਰੋ ਰਿਪੋਰਟ: ਅੰਮ੍ਰਿਤਪਾਲ ਸਿੰਘ ਦੇ ਭਰਾ ਤੇ ਲੱਗੇ ਨਸ਼ੇ ਦੇ ਇਲਜ਼ਾਮਾਂ ’ਤੇ ਫਰੀਦਕੋਟ ਤੋਂ ਐੱਮਪੀ ਸਰਬਜੀਤ ਸਿੰਘ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਮੈਡੀਕਲ ਟੈਸਟ ਵਿੱਚ ਸਰਕਾਰਾਂ ਕੁਝ ਵੀ ਕਰ ਸਕਦੀਆਂ ਹਨ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਹਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਸਮੇਤ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਜੋ ਕੁਝ ਵੀ ਵਾਪਰ ਰਿਹਾ ਹੈ, ਉਸ ਵਿੱਚ ਸਰਕਾਰ ਦਾ ਹੱਥ ਹੈ।
ਐੱਮਪੀ ਸਰਬਜੀਤ ਸਿੰਘ ਨੇ ਗੁਰਪ੍ਰੀਤ ਸਿੰਘ ਦੇ ਨਸ਼ੇ ਮਾਮਲੇ ਦੀ ਜਾਂਚ ਹਾਈਕੋਰਟ ਕੋਰਟ ਦੇ ਜੱਜ ਕੋਲੋ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਲੇ ਸਿਰਫ਼ ਪੁਲਿਸ ਦਾ ਪੱਖ ਬਾਹਰ ਆਇਆ ਹੈ। ਉਨ੍ਹਾਂ ਕਿਹਾ ਕਿ FIR ਤਾਂ ਝੂਠੀਆਂ ਵੀ ਹੋ ਜਾਂਦੀਆਂ ਹਨ। ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਨੇ ਕਿਹਾ ਕਿ ਜੋ ਬੰਦਾ ਨਸ਼ਾ ਕਰਦਾ ਹੈ ਉਹ ਨਸ਼ੇ ਦਾ ਆਦੀ ਹੁੰਦਾ ਹੈ, ਉਸ ਨੂੰ ਹਰ ਹਾਲਤ ਵਿੱਚ ਨਸ਼ੇ ਦੀ ਤੋਟ ਲੱਗਦੀ ਹੈ, ਪਰ ਜੇ ਹਰਪ੍ਰੀਤ ਸਿੰਘ ਹੁਰੀਂ ਪੁਲਿਸ ਹਿਰਾਸਤ ਵਿੱਚ ਨਸ਼ੇ ਤੋਂ ਬਗੈਰ ਰਹਿ ਲੈਂਦੇ ਹਨ ਤਾਂ ਇਹ ਸਾਫ਼ ਹੈ ਕਿ ਉਹ ਨਸ਼ਾ ਨਹੀਂ ਕਰਦੇ।
ਸਰਬਜੀਤ ਸਿੰਘ ਨੇ ਕਿਹਾ ਕਿ ਮੈਂ ਪਰਿਵਾਰ ਨਾਲ ਖੜਾ ਹਾਂ। ਉਨ੍ਹਾਂ ਇੱਕ ਨਿੱਜੀ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈ ਨਹੀਂ ਮੰਨ ਸਕਦਾ ਹਾਂ ਕਿ ਅੰਮ੍ਰਿਤਪਾਲ ਸਿੰਘ ਦਾ ਭਰਾ ਨਸ਼ਾ ਕਰਦਾ ਹੋਵੇ ਜਾਂ ਉਹ ਨਸ਼ਾ ਵੇਚ ਸਕਦਾ ਹੈ। ਉਨ੍ਹਾਂ ਕਿਹਾ ਕਿ ਗਸ਼ਤ ਸਮੇਂ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਉਹ ਵੀਡੀਓ ਸਾਡੇ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਲੋੜ ਪੈਣ ’ਤੇ ਵੀਡੀਓ ਨਸ਼ਰ ਵੀ ਕੀਤੀ ਜਾ ਸਕਦੀ ਹੈ।
ਅੰਮ੍ਰਤਪਾਲ ਸਿੰਘ ਦੇ ਮੀਡੀਆ ਇੰਚਾਰਜ ਚਰਨਦੀਪ ਸਿੰਘ ਭਿੰਡਰ ਨੇ ਕਿਹਾ ਕਿ ਜਦੋਂ ਤੋਂ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ SGPC ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ, ਉਦੋਂ ਤੋਂ ਹੀ ਇਹ ਕਾਰਵਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ’ਤੇ ਐਮਪੀ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਸਿੰਘ ਹੁਰਾਂ ਨਾਲ ਇਕੱਠੇ ਮਿਲ ਕੇ ਐਸਜੀਪੀਸੀ ਦੀ ਚੋਣ ਜ਼ਰੂਰ ਲੜਨਗੇ।