India Punjab

ਇਹ ਸਾਂਸਦ ਆਇਆ ਪੰਜਾਬ ‘ਚ ਅਫੀਮ ਦੀ ਖੇਤੀ ਦੇ ਹੱਕ ਚ,ਸੰਸਦ ‘ਚ ਸਿੱਧਾ ਕਿਹਾ ਕਿ ਜੇ ਹੋਰ ਪਾਸੇ ਹੋ ਸਕਦੀ ਤਾਂ ਪੰਜਾਬ ‘ਚ ਕਿਉਂ ਨਹੀਂ ?

ਦਿੱਲੀ : ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਵਿੱਚ ਅਫ਼ੀਮ ਦੀ ਖੇਤੀ ਦੀ ਵਕਾਲਤ ਕੀਤੀ ਹੈ ਤੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਅਫ਼ਗਾਨਿਸਤਾਨ ਤੇ ਕੋਲੰਬੀਆਂ ਵਾਂਗ ਪੰਜਾਬ ਵਿੱਚ ਭੰਗ ਦੀ ਖੇਤੀ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਕੈਨੇਡਾ ਤੇ ਦੁਨੀਆਂ ਦੇ ਹੋਰ ਮੁਲਕਾਂ ਦਾ ਜ਼ਿਕਰ ਕਰਦੇ ਹੋਏ ਮਾਨ ਨੇ ਇਸ ਬਾਰੇ ਸੋਚ ਬਦਲਣ ਦੀ ਗੱਲ ਵੀ ਕਹੀ ਹੈ ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੂੰ ਸ਼ਰਾਬ, ਡਰੱਗ ਅਤੇ ਅਫੀਮ ਵਰਗੇ ਨਸ਼ਿਆਂ ਦੀ ਸਭ ਤੋਂ ਵੱਧ ਵਰਤੋਂ ਕਰਨ ਵਾਲਾ ਸੂਬਾ ਦੱਸਿਆ ਜਾ ਰਿਹਾ ਹੈ,ਜਿਸ ਦਾ ਅਸਲੀ ਮਕਸਦ ਪੰਜਾਬ ਦੀ ਦਿੱਖ ਖ਼ਰਾਬ ਕਰਨਾ ਹੈ। ਜਦੋਂ ਕਿ ਅਸਲੀਅਤ ਇਹ ਨਹੀਂ ਹੈ।ਜੇਕਰ ਪੰਜਾਬੀ ਨਸ਼ੇੜੀ ਜਾਂ ਸ਼ਰਾਬੀ ਹੁੰਦੇ ਤਾਂ ਪੰਜਾਬੀ ਜਵਾਨ ਚੀਨ ਦੀ ਸਰਹੱਦ ਤੇ ਚੀਨੀ ਫੌਜੀਆਂ ਨਾਲ ਇੰਨ੍ਹੀ ਬਹਾਦਰੀ ਨਾਲ ਨਹੀਂ ਸੀ ਲੜ ਸਕਦੇ।

ਉਹਨਾਂ ਅਫ਼ਗਾਨਿਸਤਾਨ, ਕੋਲੰਬੀਆ ਅਤੇ ਕਈ ਹੋਰ ਦੇਸ਼ਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਹਨਾਂ ਮੁਲਕਾਂ ਨੇ ਅਫੀਮ ਦੀ ਖੇਤੀ ਨੂੰ ਕਾਨੂੰਨੀ ਮਾਨਤਾ ਦੇ ਰੱਖੀ ਹੈ। ਭਾਰਤ ਦੇ ਸੂਬੇ ਮੱਧ ਪ੍ਰਦੇਸ਼ ਵਿੱਚ ਵੀ ਅਫੀਮ ਦੀ ਖੇਤੀ ਕਾਨੂੰਨੀ ਤੌਰ ‘ਤੇ ਹੁੰਦੀ ਹੈ। ਉਹਨਾਂ ਸਵਾਲ ਉਠਾਇਆ ਕਿ ਜੇਕਰ ਉਥੇ ਅਫੀਮ ਦੀ ਖੇਤੀ ਹੋ ਸਕਦੀ ਹੈ ਤਾਂ ਪੰਜਾਬ ਨੂੰ ਵੀ ਅਫੀਮ ਦੀ ਖੇਤੀ ਦੀ ਕਾਨੂੰਨੀ ਮਨਜ਼ੂਰੀ ਕਿਉਂ ਨਹੀਂ ਮਿਲ ਸਕਦੀ? ਦੇਸ਼ ਦੇ ਸੰਵਿਧਾਨ ਦੀ ਨਜ਼ਰ ਵਿੱਚ ਸਭ ਬਰਾਬਰ ਹਨ । ਜੇ ਮੱਧ ਪ੍ਰਦੇਸ਼ ਅਫੀਮ ਦੀ ਖੇਤੀ ਕਰ ਸਕਦਾ ਹੈ ਤਾਂ ਪੰਜਾਬ ਵੀ ਕਰ ਸਕਦਾ ਹੈ।

ਉਨ੍ਹਾਂ ਇੱਕ ਹੋਰ ਗੱਲ ‘ਤੇ ਵੀ ਸਾਰਿਆਂ ਦਾ ਧਿਆਨ ਦਿਵਾਇਆ ਹੈ ਕਿ ਕੈਨੇਡਾ ਵਰਗੇ ਮੁਲਕ ਵਿੱਚ ਵੀ ਇਸ ਸਮੇਂ ਭੰਗ ਦੀਆਂ ਗੋਲੀਆਂ ਕਾਨੂੰਨੀ ਰੂਪ ਵਿੱਚ ਵੇਚੀਆਂ ਅਤੇ ਖਰੀਦੀਆਂ ਜਾ ਰਹੀਆਂ ਹਨ। ਨਸ਼ੇ ਦੇ ਮੁੱਦੇ ਨੂੰ ਲੈਕੇ ਦੇਸ਼ ਆਪਣੀ ਸੋਚ ਬਦਲ ਰਹੇ ਹਨ। ਉਹਨਾਂ ਇਸ ਮਾਮਲੇ ਨੂੰ ਲੈ ਕੇ ਕੇਂਦਰ ‘ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿ ਸਾਰੇ ਸਿਵਲ ਸਰਜਨਾਂ ਨੂੰ ਇਹ ਅਧਿਕਾਰ ਦਿੱਤਾ ਜਾਵੇ ਕਿ ਅਫੀਮ ਦੇ ਆਦਿ ਹੋ ਚੁੱਕੇ ਲੋਕਾਂ ਨੂੰ ਪਰਮਿਟ ਜਾਰੀ ਕਰ ਦਿੱਤੇ ਜਾਣ ਤਾਂ ਜੋ ਇਸ ਸਮੱਸਿਆ ਨੂੰ ਕਾਬੂ ਕੀਤਾ ਜਾ ਸਕੇ।

ਸ਼ਰਾਬ ਦੀ ਸਿਫਤ ਕਰਦਿਆਂ ਇੱਕ ਹੋਰ ਗੱਲ ਉਹਨਾਂ ਆਖੀ ਹੈ ਕਿ ਕਿ ਇਹ ਇੰਨੀ ਵੀ ਮਾੜੀ ਨਹੀਂ ਹੈ। ਗੁਆਂਢੀ ਦੇਸ਼ ਪਾਕਿਸਤਾਨ ਦੀ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਉਥੋਂ ਦੇ ਤਸਕਰ ਭਾਰਤ ਵਿੱਚ ਅਫੀਮ ਤੇ ਹੈਰੋਇਨ ਵਰਗੇ ਨਸ਼ੇ ਭੇਜ ਰਹੇ ਹਨ ਤਾਂ ਇੱਥੋਂ ਦੇ ਤਸਕਰ ਵੀ ਉਨ੍ਹੀ ਹੀ ਮਾਤਰਾ ਵਿੱਚ ਸ਼ਰਾਬ ਪਾਕਿਸਤਾਨ ਭੇਜ ਰਹੇ ਹਨ।ਇਹੀ ਗੱਲ ਨਸ਼ਿਆਂ ‘ਤੇ ਵੀ ਲਾਗੂ ਹੁੰਦੀ ਹੈ,ਸਿਰਫ ਪਾਕਿਸਤਾਨ ਹੀ ਏਧਰ ਨਸ਼ੇ ਨਹੀਂ  ਭੇਜ ਰਿਹਾ ਹੈ ,ਸਗੋਂ ਬਾਰਡਰਾਂ ਰਾਹੀਂ ਉਧਰ ਵੀ ਵੱਡੀ ਮਾਤਰਾ ਵਿੱਚ ਸ਼ਰਾਬ ਭੇਜੀ ਜਾ ਰਹੀ ਹੈ।

ਮਾਨ ਨੇ ਇਥੇ ਹੀ ਬੱਸ ਨਹੀਂ ਕੀਤੀ ਸਗੋਂ ਗੁਜਰਾਤ ਵਿੱਚ ਭਾਜਪਾ ਦੀ ਜਿੱਤ ਬਾਰੇ ਵੀ ਟਿੱਪਣੀ ਕੀਤੀ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਗੁਜਰਾਤ ਵਿੱਚ ਭਾਜਪਾ ਦੀ ਜਿੱਤ ਦੇ ਦੋ ਕਾਰਨ ਹਨ, ਪਹਿਲਾ ਕਾਰਨ ਪ੍ਰਧਾਨ ਮੰਤਰੀ ਮੋਦੀ ਦੀ ਪਰਸਨੈਲਿਟੀ ਹੈ ਅਤੇ ਦੂਸਰਾ ਇਹਨਾਂ ਚੋਣਾਂ ਦੇ ਦੌਰਾਨ ਪੰਜਾਬ ਤੋਂ ਗੁਜਰਾਤ ਟਰੱਕਾਂ ਦੇ ਟਰੱਕ ਭਰਕੇ ਭਾਰੀ ਮਾਤਰਾ ਵਿੱਚ ਸ਼ਰਾਬ ਭੇਜੀ ਗਈ ਹੈ।