ਅਜਨਾਲਾ ਥਾਣਾ ਹਿੰਸਾ ਮਾਮਲੇ ਵਿੱਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਅੱਜ ਅਦਾਲਤ ਨੇ ਪੰਜ ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਨ੍ਹਾਂ ਦਾ ਦੋ ਦਿਨਾਂ ਦਾ ਪੁਲੀਸ ਰਿਮਾਂਡ ਅੱਜ ਪੂਰਾ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਅਜਨਾਲਾ ਸਬ-ਡਵੀਜ਼ਨਲ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ।
ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ ਪੁਲੀਸ ਵੱਲੋਂ ਰਿਮਾਂਡ ਵਧਾਉਣ ਦੀ ਕੋਈ ਮੰਗ ਨਹੀਂ ਕੀਤੀ ਗਈ, ਇਸ ਲਈ ਅਦਾਲਤ ਨੇ ਸਿੱਧਾ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ। ਅੰਮ੍ਰਿਤਪਾਲ ਸਿੰਘ ਨੂੰ ਮੁੜ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਜਾਵੇਗਾ। ਇਸ ਮਾਮਲੇ ਦੀ ਅਗਲੀ ਸੁਣਵਾਈ 30 ਅਪ੍ਰੈਲ ਨੂੰ ਹੋਵੇਗੀ। ਜ਼ਿ
ਕਰਯੋਗ ਹੈ ਕਿ ਫਰਵਰੀ 2023 ਵਿੱਚ ਵਾਪਰੀ ਅਜਨਾਲਾ ਥਾਣਾ ਹਿੰਸਾ ਦੌਰਾਨ ਵਰਤੇ ਗਏ ਹਥਿਆਰਾਂ ਅਤੇ ਗੱਡੀਆਂ ਦੀ ਬਰਾਮਦਗੀ ਲਈ ਪੁਲੀਸ ਨੇ 15 ਦਿਨਾਂ ਦਾ ਰਿਮਾਂਡ ਮੰਗਿਆ ਸੀ। ਖਾਸ ਤੌਰ ’ਤੇ ਉਸ ਗੱਡੀ ਨੂੰ ਵੀ ਕਬਜ਼ੇ ਵਿੱਚ ਲੈਣਾ ਚਾਹੁੰਦੀ ਸੀ, ਜਿਸ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਥਾਣੇ ਲਿਜਾਇਆ ਗਿਆ ਸੀ।
ਹਾਲਾਂਕਿ ਅਦਾਲਤ ਨੇ ਪਿਛਲੀ ਸੁਣਵਾਈ ਵਿੱਚ ਸਿਰਫ਼ ਦੋ ਦਿਨਾਂ ਦਾ ਹੀ ਰਿਮਾਂਡ ਮਨਜ਼ੂਰ ਕੀਤਾ ਸੀ। ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਹੁਣ ਨਿਆਇਕ ਹਿਰਾਸਤ ਵਿੱਚ ਰੱਖਿਆ ਜਾਵੇਗਾ।

