Punjab

ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੇ NSA ਨੂੰ ਦਿੱਤੀ ਚੁਣੌਤੀ, ਅਗਲੇ ਹਫ਼ਤੇ ਹੋਵੇਗੀ ਸੁਣਵਾਈ!

ਬਿਉਰੋ ਰਿਪੋਰਟ: ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰ ਕੇ ਉਨ੍ਹਾਂ ’ਤੇ ਲੱਗੇ NSA ਨੂੰ ਚੁਣੌਤੀ ਦਿੱਤੀ ਹੈ। ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ।

ਇਸ ਸਬੰਧੀ ਐਡਵੋਕੇਟ ਆਰਐਸ ਬੈਂਸ ਰਾਹੀਂ ਤਿਆਰ ਪਟੀਸ਼ਨ ਵਿੱਚ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਹੁਣ ਉਨ੍ਹਾਂ ’ਤੇ ਐਨਐਸਏ ਰਾਜਸੀ ਲਾਗ ਡਾਟ ਕਾਰਨ ਲਗਾਇਆ ਗਿਆ ਹੈ। ਇਸ ਐਨਐਸਏ ਦੇ ਪਿੱਛੇ ਉਹ ਕਾਰਨ ਹੀ ਨਹੀਂ ਹਨ, ਜਿਨ੍ਹਾਂ ਕਾਰਨਾਂ ਕਰ ਕੇ ਐਨਐਸਏ ਲਗਾਇਆ ਜਾਂਦਾ ਹੈ।

MP ਅੰਮ੍ਰਿਤਪਾਲ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਐਨਐਸਏ ਚੋਣ ਨਤੀਜੇ ਤੋਂ ਠੀਕ ਇੱਕ ਦਿਨ ਪਹਿਲਾਂ ਵਧਾਇਆ ਗਿਆ ਤਾਂ ਜੋ ਸਰਕਾਰ ਇਹ ਦਲੀਲ ਲੈ ਸਕੇ ਕਿ ਉਸ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਅੰਮ੍ਰਿਤਪਾਲ ਸਿੰਘ ਐਮਪੀ ਚੁਣਿਆ ਗਿਆ।

ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ NSA ਨੂੰ ਗ਼ਲਤ ਕਰਾਰ ਦਿੰਦਿਆਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਹਿਰਾਸਤ ਵਿੱਚ ਲੈਣ ਦੇ ਹੁਕਮ, ਇਸ ਦੀ ਪ੍ਰਵਾਨਗੀ ਦੇ ਹੁਕਮ ਅਤੇ ਐਨਐਸਏ ਨੂੰ ਪੱਕਾ ਕਰਨ ਦੇ ਹੁਕਮ ਨੂੰ ਰੱਦ ਕਰਨ ਤੇ ਇਨ੍ਹਾਂ ਹੁਕਮਾਂ ਨਾਲ ਹੋਈਆਂ ਅਗਲੇਰੀਆਂ ਕਾਰਵਾਈਆਂ ਵੀ ਰੱਦ ਕਰ ਦੀ ਮੰਗ ਕੀਤੀ ਗਈ ਹੈ।

ਦੱਸ ਦੇਈਏ ਅਜਨਾਲਾ ਥਾਣੇ ਦੇ ਬਾਹਰ ਹਿੰਸਾ ਦੇ ਮਾਮਲੇ ਵਿੱਚ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਵਿਰੁੱਧ ਤਿੰਨ ਮਾਮਲੇ ਦਰਜ ਕੀਤੇ ਗਏ ਸਨ। ਬਾਅਦ ਵਿੱਚ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਐਨਐਸਏ ਲਗਾ ਕੇ ਡਿਬੜੂਗੜ੍ਹ ਜੇਲ੍ਹ ਭੇਜ ਦਿਤਾ ਗਿਆ ਸੀ। ਇੱਕ ਸਾਲ ਮੁਕੰਮਲ ਹੋਣ ਉਨ੍ਹਾਂ ’ਤੇ ਮਗਰੋਂ ਨਵਾਂ ਐਨਐਸਏ ਲਾ ਦਿੱਤਾ ਗਿਆ ਸੀ ਤੇ ਇਸ ਨੂੰ 12 ਮਹੀਨਿਆਂ ਲਈ ਪੱਕਾ ਕਰ ਦਿੱਤਾ ਗਿਆ।