ਪਾਕਿਸਤਾਨ : ਦੁਨੀਆ ਵਿੱਚ ਮਾਂ ਹੀ ਇੱਕ ਅਜਿਹੀ ਪ੍ਰਾਣੀ ਮੰਨੀ ਜਾਂਦੀ ਹੈ ਜੋ ਕਦੇ ਵੀ ਆਪਣੇ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ। ਮਾਂ ਭਾਵੇਂ ਮਨੁੱਖ ਦੀ ਹੋਵੇ ਜਾਂ ਜਾਨਵਰ ਦੀ, ਉਸ ਦੇ ਅੰਦਰ ਭਾਵਨਾਵਾਂ ਤੇ ਸਨੇਹ ਇੱਕੋ ਜਿਹਾ ਹੁੰਦਾ ਹੈ। ਹਾਲਾਂਕਿ, ਤੁਸੀਂ ਸਾਰੀਆਂ ਮਾਵਾਂ ਤੋਂ ਇਹ ਉਮੀਦ ਨਹੀਂ ਕਰ ਸਕਦੇ ਕਿਉਂਕਿ ਕੁਝ ਤਾਂ ਇੰਨੀਆਂ ਪੱਥਰ ਦਿਲ ਹੁੰਦੇ ਹਨ ਕਿ ਉਹ ਆਪਣੇ ਨਵਜੰਮੇ ਬੱਚੇ ਨੂੰ ਬਿਲਕੁਲ ਵੀ ਪਿਆਰ ਨਹੀਂ ਕਰਦੀਆਂ।
ਅਜਿਹੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ। ਹਾਲਾਂਕਿ ਇਹ ਘਟਨਾ ਸਾਡੇ ਦੇਸ਼ ਦੀ ਨਹੀਂ ਸਗੋਂ ਗੁਆਂਢੀ ਦੇਸ਼ ਪਾਕਿਸਤਾਨ ਦੀ ਹੈ ਜਿੱਥੇ ਇੱਕ ਔਰਤ ਨੇ ਆਪਣੇ ਨਵ-ਜੰਮੇ ਬੱਚੇ ਨੂੰ ਬਹੁ-ਮੰਜ਼ਿਲਾ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ ਹੈ। ਇਹ ਘਟਨਾ ਕਰਾਚੀ ਦੇ ਲਿਆਕਤਾਬਾਦ ਇਲਾਕੇ ਵਿੱਚ ਵਾਪਰੀ।
ਖ਼ਬਰ ਏਜੰਸੀ ਏਆਰਵਾਈ ਵੱਲੋਂ ਬੀਤੇ ਦਿਨ ਨਸ਼ਰ ਕੀਤੀ ਗਈ ਜਾਣਕਾਰੀ ਅਨੁਸਾਰ ਮਹਿਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਤੇ ਉਸ ਦੀ ਮਾਨਸਿਕ ਹਾਲਤ ’ਤੇ ਵੀ ਸਵਾਲ ਉੱਠ ਰਹੇ ਹਨ। ਖ਼ਬਰ ਏਜੰਸੀ ਅਨੁਸਾਰ ਮਹਿਲਾ ਦੇ ਗੁਆਂਢੀਆਂ ਨੇ ਉਸ ਨੂੰ ਬੱਚੇ ਨੂੰ ਹੇਠਾਂ ਸੁੱਟਦੇ ਹੋਏ ਵੇਖਿਆ । ਉਹ ਨਸ਼ੇ ਵੀ ਕਰਦੀ ਹੈ। ਪੁਲਿਸ ਵੱਲੋਂ ਜਾਰੀ ਕੀਤੇ ਬਿਆਨ ਅਨੁਸਾਰ ਮਾਨਸਿਕ ਰੋਗਾਂ ਦੇ ਮਾਹਿਰ ਵੱਲੋਂ ਔਰਤ ਦੀ ਮਾਨਸਿਕ ਸਥਿਤੀ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਨਵਜੰਮੀ ਬੱਚੀ ਦੀ ਲਾਸ਼ ਅਪਾਰਟਮੈਂਟ ਕੰਪਲੈਕਸ ਦੇ ਬਾਹਰ ਮਿਲੀ ਹੈ। ਜਾਂਚ ਦੌਰਾਨ ਉਸ ਦੇ ਗੁਆਂਢੀਆਂ ਵੱਲੋਂ ਪੁਲਸ ਨੂੰ ਨਵਜੰਮੇ ਬੱਚੇ ਦੀ ਮਾਂ ਹੋਣ ਦੀ ਸੂਚਨਾ ਦੇਣ ਤੋਂ ਬਾਅਦ ਔਰਤ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲੈ ਲਿਆ ਗਿਆ। ਉਨ੍ਹਾਂ ਨੇ ਔਰਤ ਦੀ ਪਛਾਣ ਸਨਾ ਵਜੋਂ ਕੀਤੀ ਅਤੇ ਕਿਹਾ ਕਿ ਉਹ ਮਾਨਸਿਕ ਤੌਰ ‘ਤੇ ਅਸਥਿਰ ਅਤੇ ਨਸ਼ੇ ਦੀ ਆਦੀ ਜਾਪਦੀ ਹੈ।
ਪੁਲਿਸ ਨੇ ਕਿਹਾ ਕਿ ਔਰਤ ਨੂੰ ਜਾਂਚ ਲਈ ਮਨੋਵਿਗਿਆਨੀ ਕੋਲ ਭੇਜਿਆ ਜਾਵੇਗਾ। ਅੱਜ ਉਸ ਦੀ ਸਮੁੱਚੀ ਮੈਡੀਕਲ ਜਾਂਚ ਕਰਵਾਈ ਜਾਵੇਗਾ।