Punjab

ਲੁਧਿਆਣਾ ’ਚ ਮਾਂ ਨੇ ਕੀਤਾ ਨਵਜੰਮੀ ਧੀ ਦਾ ਸੌਦਾ, ਇੱਕ BAMS ਡਾਕਟਰ ਸਮੇਤ 5 ਗ੍ਰਿਫ਼ਤਾਰ

ਲੁਧਿਆਣਾ ਵਿੱਚ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਾਂ ਨੇ ਆਪਣੀ ਨਵਜੰਮੀ ਧੀ ਨੂੰ 2 ਲੱਖ 10 ਹਜ਼ਾਰ ਰੁਪਏ ਵਿੱਚ ਵੇਚਣ ਦਾ ਫੈਸਲਾ ਕਰ ਲਿਆ ਸੀ। ਇਹ ਘਿਨੌਣੀ ਹਰਕਤ ਅਰੋੜਾ ਨਰਸਿੰਗ ਹੋਮ ਤੋਂ ਸ਼ੁਰੂ ਹੋਈ, ਜਿੱਥੇ 14 ਫਰਵਰੀ 2026 ਨੂੰ ਸੁਨੀਤਾ ਰਾਣੀ (ਜਾਂ ਸੁਨੀਤਾ ਦੇਵੀ) ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਮਾਂ ਨੇ ਮਮਤਾ ਨੂੰ ਤਿਆਗ ਕੇ ਬੱਚੀ ਨੂੰ ਵੇਚਣ ਦੀ ਯੋਜਨਾ ਬਣਾਈ ਅਤੇ ਇਸ ਲਈ ਡਾਕਟਰ ਸਮੇਤ ਹੋਰ ਮੁਲਜ਼ਮਾਂ ਨਾਲ ਮਿਲੀਭੁਗਤ ਕੀਤੀ।

ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੂੰ 15 ਫਰਵਰੀ ਨੂੰ ਗੁਪਤ ਸੂਚਨਾ ਮਿਲੀ ਕਿ ਨੀਲੀ ਝੰਡਾ ਰੋਡ ਸਥਿਤ ਪਾਰਕ ਨੇੜੇ ਬੱਚੀ ਦਾ ਸੌਦਾ ਫਾਈਨਲ ਕੀਤਾ ਜਾ ਰਿਹਾ ਹੈ। ਥਾਣੇਦਾਰ ਗੁਰਮੇਲ ਸਿੰਘ ਨੇ ਤੁਰੰਤ ਰੇਡ ਮਾਰ ਕੇ ਮੌਕੇ ਤੋਂ ਪੰਜ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਹੋਏ ਵਿਅਕਤੀਆਂ ਵਿੱਚ ਮਾਂ ਸੁਨੀਤਾ ਰਾਣੀ, ਬੱਚਾ ਖਰੀਦਣ ਵਾਲੀ ਮਨਦੀਪ ਕੌਰ, ਡਾਕਟਰ ਮਨਮੀਤ ਕੌਰ (ਬੀ.ਏ.ਐੱਮ.ਐੱਸ.), ਪ੍ਰਵੀਨ ਅਤੇ ਰੁਚੀ ਸ਼ਾਮਲ ਹਨ। ਪੁਲਿਸ ਨੇ ਕੁੱਲ ਅੱਠ ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਹੈ ਅਤੇ ਸਖ਼ਤ ਧਾਰਾਵਾਂ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮਾਂ ਨੇ ਆਪਸੀ ਸਾਂਝੇਦਾਰੀ ਨਾਲ ਇਹ ਗੈਰ-ਕਾਨੂੰਨੀ ਸੌਦਾ ਕੀਤਾ ਸੀ। ਪੁਲਿਸ ਹੁਣ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਗਿਰੋਹ ਪਹਿਲਾਂ ਵੀ ਅਜਿਹੇ ਅਪਰਾਧ ਕਰ ਚੁੱਕਾ ਹੈ ਜਾਂ ਇਸ ਵਿੱਚ ਹੋਰ ਵੱਡੇ ਨਾਮ ਸ਼ਾਮਲ ਹਨ। ਮਾਸੂਮ ਨਵਜੰਮੀ ਬੱਚੀ ਨੂੰ ਸੁਰੱਖਿਅਤ ਤੌਰ ‘ਤੇ ਸਰਕਾਰੀ ਸਰਪ੍ਰਸਤੀ ਵਿੱਚ ਲੈ ਲਿਆ ਗਿਆ ਹੈ ਤਾਂ ਜੋ ਉਸ ਨੂੰ ਕੋਈ ਖਤਰਾ ਨਾ ਹੋਵੇ।