ਫ਼ਾਜ਼ਿਲਕਾ : ਪੰਜਾਬ ਦੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਦੀ ਦਸਮੇਸ਼ ਨਗਰੀ ਵਿੱਚ ਰਹਿਣ ਵਾਲੀ ਇੱਕ ਔਰਤ ਦੀ ਮੌਤ ਹੋ ਗਈ ਹੈ। ਬੱਚੀ ਨੂੰ ਜਨਮ ਦੇਣ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਉਸ ਦੇ ਮਾਪਿਆਂ ਨੇ ਉਸ ਦੇ ਸਹੁਰਿਆਂ ’ਤੇ ਦਾਜ ਲਈ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਰਮਨਦੀਪ ਸਿੰਘ ਵਾਸੀ ਦਸਮੇਸ਼ ਨਗਰੀ ਨੇ ਦੱਸਿਆ ਕਿ ਉਸ ਦੀ ਭੈਣ ਸਰਬਜੀਤ ਕੌਰ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹਲਕਾ ਗੁਰੂਹਰਸਹਾਏ ਦੇ ਪਿੰਡ ਬਿੱਲੀਮਾਰ ਵਿਖੇ ਪੂਰੇ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਔਰਤ ਧਨ ਵਿੱਚ ਸੋਨੇ ਦੇ ਗਹਿਣੇ ਅਤੇ ਸਵਿਫ਼ਟ ਕਾਰ ਵੀ ਦਿੱਤੀ ਗਈ। ਉਸ ਨੇ ਆਪਣੀ ਭੈਣ ਦੇ ਸਹੁਰਿਆਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਸਰਬਜੀਤ ਨੂੰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ।
ਰਮਨਦੀਪ ਅਨੁਸਾਰ ਪੁਲਿਸ ਵੱਲੋਂ ਕਈ ਵਾਰ ਰਾਜ਼ੀਨਾਮਾ ਵੀ ਕੀਤਾ ਗਿਆ। ਦੂਜੇ ਪਾਸੇ ਜਦੋਂ ਸਹੁਰੇ ਵਾਲਿਆਂ ਨੂੰ ਪਤਾ ਲੱਗਾ ਕਿ ਲੜਕੀ ਦੇ ਗਰਭ ਵਿੱਚ ਬੱਚਾ ਹੈ ਤਾਂ ਉਸ ਨੂੰ ਹੋਰ ਵੀ ਪ੍ਰੇਸ਼ਾਨ ਕੀਤਾ ਗਿਆ। ਜਿਸ ਕਾਰਨ ਉਹ ਬਿਮਾਰ ਹੋ ਗਈ, ਉਸ ਨੂੰ ਡੀਐਮਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਹੱਦ ਉਦੋਂ ਹੋ ਗਈ ਜਦੋਂ ਉਸ ਦਾ ਜੀਜਾ ਅਤੇ ਇੱਕ ਹੋਰ ਰਿਸ਼ਤੇਦਾਰ ਨਵ-ਜੰਮੀ ਬੱਚੀ ਨੂੰ ਲੈ ਕੇ ਫ਼ਰਾਰ ਹੋ ਗਏ।
ਰਮਨਦੀਪ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਦਾਜ ਦੇ ਲਾਲਚੀ ਭੈਣ ਦੇ ਸਹੁਰਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਹੋਰ ਵਿਆਹੁਤਾ ਔਰਤ ਅਜਿਹੇ ਸਹੁਰਿਆਂ ਦਾ ਸ਼ਿਕਾਰ ਨਾ ਬਣੇ |
ਦੂਜੇ ਪਾਸੇ ਮ੍ਰਿਤਕਾ ਦੇ ਸਹੁਰੇ ਪਰਿਵਾਰ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਇਸ ਮਾਮਲੇ ਸਬੰਧੀ ਮ੍ਰਿਤਕ ਦੇ ਦਿਉਰ ਸਤਨਾਮ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਸਰਬਜੀਤ ਦੇ ਮਾਪਿਆਂ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
ਉਨ੍ਹਾਂ ਦੱਸਿਆ ਕਿ ਉਹ ਸਰਬਜੀਤ ਦਾ ਡੀਐਮਸੀ ਲੁਧਿਆਣਾ ਵਿਖੇ ਇਲਾਜ ਕਰਵਾ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਇਲਾਜ ‘ਤੇ 6 ਤੋਂ 7 ਲੱਖ ਰੁਪਏ ਖ਼ਰਚ ਵੀ ਹੋਏ ਹਨ। ਉਸ ਨੇ ਦੱਸਿਆ ਕਿ ਉਸ ਦਾ ਪੂਰਾ ਘਰ ਤਬਾਹ ਹੋ ਗਿਆ ਹੈ। ਉਹ ਨਵ ਜੰਮੀ ਬੱਚੀ ਦਾ ਇਲਾਜ ਵੀ ਕਰਵਾ ਰਿਹਾ ਹੈ। ਦਾਜ ਲਈ ਤੰਗ ਕਰਨ ਦਾ ਦੋਸ਼ ਬਿਲਕੁਲ ਗ਼ਲਤ ਹੈ। ਸਰਬਜੀਤ ਦੀ ਗਰਭ ਦੌਰਾਨ ਪੇਚੀਦਗੀਆਂ ਕਾਰਨ ਮੌਤ ਹੋ ਗਈ ਸੀ। ਸਹੁਰਿਆਂ ਨੇ ਉਸ ਨੂੰ ਕਦੇ ਤੰਗ ਨਹੀਂ ਕੀਤਾ।