Punjab

ਪਟਿਆਲਾ,ਮੁਹਾਲੀ ਵਿੱਚ ਸੜ੍ਹਕ ਹਾਦਸਿਆਂ ਕਾਰਨ ਸਭ ਤੋਂ ਵੱਧ ਮੌਤਾਂ,ਡਰਾ ਰਹੇ ਅੰਕੜੇ

ਚੰਡੀਗੜ੍ਹ : ਪੰਜਾਬ ਦੀਆਂ ਸੜ੍ਹਕਾਂ ਹੁਣ ਖੂਨੀ ਸੜ੍ਹਕਾਂ ਬਣਦੀਆਂ ਜਾ ਰਹੀਆਂ ਹਨ। ਆਏ ਦਿਨ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਮਾਮਲੇ ਹਿੱਟ ਐਂਡ ਰਨ ਅਤੇ ਓਵਰਸਪੀਡ ਦੇ ਹਨ।

ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਪਰ ਇਸ ਦੇ ਬਾਵਜੂਦ ਟਰੈਫਿਕ ਪੁਲੀਸ ਨੇ ਇਸ ਵੱਲ ਧਿਆਨ ਦੇ ਰਹੀ ਹੈ ਅਤੇ ਨਾ ਹੀ ਟਰਾਂਸਪੋਰਟ ਵਿਭਾਗ ਦਾ। ਨਤੀਜੇ ਵਜੋਂ ਰੋਜ ਸੜ੍ਹਕਾਂ ਤੇ ਡੁੱਲਦਾ ਖੂਨ ਜਿੰਦਗੀ ਦੇ ਸਾਹ ਖਿੱਚ ਰਿਹਾ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ 2021 ਵਿੱਚ 3421 ਹਾਦਸੇ ਹੋਏ, ਜਿਨ੍ਹਾਂ ਵਿੱਚੋਂ 2914 ਹਾਦਸਿਆਂ ਵਿੱਚ ਲੋਕਾਂ ਦੀ ਮੌਤ ਹੋ ਗਈ।

ਰਾਜਮਾਰਗਾਂ , ਮੁੱਖ ਸੜਕਾਂ ਅਤੇ ਵੱਡੇ ਸ਼ਹਿਰਾਂ ਦੇ ਪੌਸ਼ ਖੇਤਰਾਂ ਚ ਵਾਪਰਨ ਵਾਲੇ ਇਨ੍ਹਾਂ ਹਾਦਸਿਆਂ ਦੌਰਾਨ ਸਭ ਤੋਂ ਜਿਆਦਾ ਮੌਤਾਂ 648 ਮੌਤਾਂ ਪਟਿਆਲਾ ਜਿਲ੍ਹੇ ਵਿੱਚ ਹੋਈਆਂ ਹਨ। ਇਸ ਤੋਂ ਬਾਅਦ ਨੰਬਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਆਉਂਦਾ ਹੈ,ਜਿਥੇ 474 ਮੌਤਾਂ ਅਤੇ ਲੁਧਿਆਣਾ ਵਿੱਚ 454 ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਰੋਪੜ ਤੇ ਅੰਮ੍ਰਿਤਸਰ ਦਾ ਨਾਂ ਵੀ ਇਸ ਸੂਚੀ ਵਿੱਚ ਹੈ ।

ਹਾਦਸਿਆਂ ਦੇ ਕਾਰਨ

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਜ਼ਿਆਦਾਤਰ ਹਾਦਸਿਆਂ ਵਿੱਚ ਸਿਰਫ਼ ਦੋ ਕਾਰਨ ਹਿੱਟ ਐਂਡ ਰਨ ਅਤੇ ਓਵਰਸਪੀਡ ਪਾਏ ਗਏ ਹਨ। ਓਵਰ ਸਪੀਡ ਕਾਰਨ 1650 ਸੜਕ ਹਾਦਸੇ ਅਤੇ ਹਿੱਟ ਐਂਡ ਰਨ ਦੇ 1264 ਕੇਸ ਦਰਜ ਹੋਏ ਹਨ। ਇਨ੍ਹਾਂ ਵਿੱਚੋਂ 50 ਫੀਸਦੀ ਹਾਦਸੇ ਅਜਿਹਾ ਸਨ,ਜਿਹਨਾਂ ਵਿੱਚ ਦੋਸ਼ੀਆਂ ਦਾ ਪਤਾ ਨਹੀਂ ਲੱਗ ਸਕਿਆ ਤੇ ਕੁੱਝ ਹਾਦਸੇ ਵਾਲੀ ਜਗਾ ‘ਤੇ ਕੈਮਰੇ ਨਾ ਹੋਣ ਕਾਰਨ ਬਚ ਗਏ।

ਇਸ ਤੋਂ ਇਲਾਵਾ ਟਰੱਕ, ਟਿੱਪਰ ਅਤੇ ਵਾਹਨਾਂ ਨੂੰ ਗਲਤ ਤਰੀਕੇ ਨਾਲ ਚਲਾਉਣਾ ਵੀ ਹਾਦਸਿਆਂ ਨੂੰ ਸੱਦਾ ਦਿੰਦਾ ਹੈ । ਕਈ ਵਾਰ ਡਰਾਈਵਰਾਂ ਵਲੋਂ ਨਸ਼ਾ ਕੀਤਾ ਹੋਣਾ ਤੇ ਗੱਡੀ ਨੂੰ ਜਿਆਦਾ ਤੇਜ਼ ਭਜਾਉਣਾ ਵੀ ਸ਼ਾਮਲ ਹੈ। ਇਹਨਾਂ ਨਾਲ ਹੋਣ ਵਾਲੇ 80 ਫੀਸਦੀ ਹਾਦਸੇ ਰਾਤ ਦੇ ਸਮੇਂ ਹੁੰਦੇ ਹਨ। ਜਿਸ ਕਾਰਨ ਇਨ੍ਹਾਂ ਵਾਹਨਾਂ ਦੀ ਪਛਾਣ ਮੁਸ਼ਕਿਲ ਹੋ ਜਾਂਦੀ ਹੈ।

ਵੱਡੇ ਵਾਹਨਾਂ ਦੇ ਡਰਾਈਵਰਾਂ  ਲਈ ਜਾਗਰੂਕਤਾ ਕੈਂਪਾਂ ਦੀ ਜਿਆਦਾ ਲੋੜ

ਭਾਵੇਂ ਲੋਕਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਿਸ ਵੱਲੋਂ ਹਰ ਹਫ਼ਤੇ ਟ੍ਰੈਫਿਕ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਪਰ ਵੱਡੇ ਵਾਹਨਾਂ ਨੂੰ ਕੋਈ ਵੀ ਸਿਖਲਾਈ ਨਹੀਂ ਦਿੱਤੀ ਜਾ ਰਹੀ,ਜਿਸ ਕਾਰਨ ਹਾਦਸੇ ਵਾਪਰ ਰਹੇ ਹਨ। ਵਪਾਰਕ ਵਾਹਨਾਂ ਦੇ ਚਾਲਕਾਂ ਨੂੰ ਵੀ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਨਾ ਤਾਂ ਕੈਂਪ ਲਗਾਏ ਜਾ ਰਹੇ ਹਨ ਅਤੇ ਨਾ ਹੀ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕੋਈ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਕਾਰਨ ਸੜ੍ਹਕਾਂ ਤੇ ਨਿੱਤ ਹਾਦਸੇ ਵਾਪਰ ਰਹੇ ਹਨ।