‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦੁਨੀਆਂ ਵਿੱਚ ਰੋਜ਼ਾਨਾਂ ਵਰਲਡ ਰਿਕਾਰਡ ਬਣਦੇ ਹਨ। ਕਈ ਇੰਨੇ ਦਿਲਚਸਪ ਹੁੰਦੇ ਹਨ ਕਿ ਨੰਗੀਆਂ ਅੱਖਾਂ ਨਾਲ ਯਕੀਨ ਨਹੀਂ ਕਰ ਹੁੰਦਾ। ਜਿਸ ਰਿਕਾਰਡ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ, ਉਹ ਵੀ ਤੁਹਾਨੂੰ ਹੈਰਾਨ ਕਰੇਗਾ। ਨਿਊਜ਼ੀਲੈਂਡ ਦੇ ਸੇਵਾਮੁਕਤ ਇੱਕ ਪਤੀ-ਪਤਨੀ ਦੇ ਬਾਗ਼ ‘ਚ ਜੋ ਆਲੂ ਪੈਦਾ ਹੋਇਆ ਹੈ, ਉਸਦਾ ਭਾਰ ਸੁਣ ਕੇ ਹੀ ਤੁਸੀਂ ਦੰਦਾਂ ਹੇਠ ਉਂਗਲਾਂ ਦੇ ਲਵੋਗੇ। ਇਹ ਆਲੂ ਅਨੋਖਾ ਰਿਕਾਰਡ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਆਲੂ ਗ੍ਰਾਮਾਂ ਵਿਚ ਨਹੀਂ ਕਿੱਲੋ ਦੇ ਵੇਟ ਦੇ ਹਿਸਾਬ ਨਾਲ ਪੈਦਾ ਹੋਇਆ ਹੈ। ਇਸਦਾ ਭਾਰ ਸਾਢੇ ਸੱਤ ਕਿੱਲੋ ਤੋਂ ਵੀ ਜਿਆਦਾ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਆਲੂ ਦੁਨੀਆਂ ਦਾ ਸਭ ਤੋਂ ਭਾਰਾ ਆਲੂ ਹੈ।
ਜਾਣਕਾਰੀ ਮੁਤਾਬਿਕ ਕੋਲਿਨ ਕ੍ਰੈਗ ਬ੍ਰਾਊਨ ਤੇ ਉਸ ਦੀ ਪਤਨੀ ਡੋਨਾ ਕ੍ਰੇਗ ਬ੍ਰਾਊਨ ਆਪਣੇ ਘਰ ਦੇ ਬਾਗ ‘ਚ ਕੰਮ ਕਰ ਰਹੇ ਸਨ। ਉਦੋਂ ਹੀ ਉਨ੍ਹਾਂ ਨੇ ਘਰ ਦੇ ਬਾਗ ਵਿੱਚ ਆਲੂ ਪੁੱਟਣਾ ਸ਼ੁਰੂ ਕੀਤਾ। ਕਿਉਂਕਿ ਇਹ ਬਹੁਤ ਵੱਡਾ ਸੀ, ਉਨ੍ਹਾਂ ਨੂੰ ਬਹੁਤ ਅਜੀਬ ਲੱਗਿਆ। ਦੋਵਾਂ ਨੇ ਮਿਲ ਕੇ ਮਿੱਟੀ ਪੁੱਟਣੀ ਸ਼ੁਰੂ ਕੀਤੀ, ਪਰ ਜਦੋਂ ਆਲੂ ਬਾਹਰ ਨਾ ਆਇਆ ਤਾਂ ਦੋਵਾਂ ਨੂੰ ਸਮਝ ਲੱਗੀ ਕਿ ਇਹ ਕੋਈ ਸਾਧਾਰਨ ਚੀਜ਼ ਨਹੀਂ ਹੈ।
ਇੰਨਾਂ ਭਾਰਾ ਆਲੂ ਪੁੱਟਣਾ ਵੀ ਕੋਈ ਸੌਖੀ ਗੱਲ ਨਹੀਂ ਸੀ। ਖੁਰਪਿਆਂ ਨਾਲ ਇਹ ਪੁੱਟਣਾ ਔਖਾ ਸੀ, ਕਿਉਂਕਿ ਪਹਿਲਾਂ ਇਹ ਕਿਸੇ ਪਹਾੜੀ ਦੇ ਟੁੱਕੜੇ ਵਰਗਾ ਦਿਸਦਾ ਸੀ। ਕੋਲਿਨ ਨੇ ਇਸ ਦਾ ਇੱਕ ਟੁਕੜਾ ਖਾਣ ਤੋਂ ਬਾਅਦ ਇਹ ਪੁਸ਼ਟੀ ਕੀਤੀ ਕਿ ਇਹ ਆਲੂ ਹੀ ਹੈ। ਆਲੂ ਦਾ ਭਾਰ 17.2 ਪੌਂਡ ਭਾਵ 7.8 ਕਿੱਲੋ ਸੀ। ਜੋੜੇ ਨੇ ਇਸ ਦੀਆਂ ਤਸਵੀਰ ਫੇਸਬੁੱਕ ‘ਤੇ ਪਾਈਆਂ ਹਨ।
ਆਲੂ ਨਾਮ ਦਾ Dug
ਇਸ ਜੋੜੇ ਨੇ ਇਸ ਆਲੂ ਦਾ ਨਾਂ Dug ਰੱਖਿਆ ਹੈ। ਇਸ ਦੌਰਾਨ ਪਰਿਵਾਰ ਦੇ ਇੱਕ ਮੈਂਬਰ ਨੇ ਉਸ ਨੂੰ ਵਿਸ਼ਵ ਰਿਕਾਰਡ ਲਈ ਅਪਲਾਈ ਕਰਨ ਦਾ ਵਿਚਾਰ ਦਿੱਤਾ ਕਿਉਂਕਿ ਇਸ ਸਮੇਂ 11 ਪੌਂਡ ਦੇ ਸਭ ਤੋਂ ਵੱਡੇ ਆਲੂ ਦਾ ਰਿਕਾਰਡ ਕਾਇਮ ਹੈ। ਬਹੁਤ ਸੋਚ-ਵਿਚਾਰ ਕੇ ਕੋਲਿਨ ਨੇ ਵਿਸ਼ਵ ਰਿਕਾਰਡ ਲਈ ਆਪਣੀ ਅਰਜ਼ੀ ਪਾ ਦਿੱਤੀ। ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ Dug ਦੁਨੀਆ ਦਾ ਸਭ ਤੋਂ ਵੱਡਾ ਆਲੂ ਹੈ।