ਗਾਜ਼ਾ ਵਿੱਚ 10 ਹਫ਼ਤਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਯੁੱਧ ਸ਼ੁਰੂ ਹੋਣ ਤੋਂ ਬਾਅਦ ਖੇਤਰ ਵਿੱਚ ਨਾਕਾਫ਼ੀ ਭੋਜਨ ਪਹੁੰਚਣ ਕਾਰਨ ਅੱਧੇ ਮਿਲੀਅਨ ਤੋਂ ਵੱਧ ਲੋਕ “ਭੁੱਖਮਰੀ” ਦਾ ਸਾਹਮਣਾ ਕਰ ਰਹੇ ਹਨ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਵੱਲੋਂ ਵੀਰਵਾਰ ਨੂੰ ਜਾਰੀ ਇਕ ਰਿਪੋਰਟ ‘ਚ ਦਿੱਤੀ ਗਈ ਹੈ।
ਵਰਲਡ ਫੂਡ ਪ੍ਰੋਗਰਾਮ ਦੇ ਮੁੱਖ ਅਰਥ ਸ਼ਾਸਤਰੀ ਆਰਿਫ ਹੁਸੈਨ ਨੇ ਕਿਹਾ, “ਇਹ ਅਜਿਹੀ ਸਥਿਤੀ ਹੈ ਜਿੱਥੇ ਗਾਜ਼ਾ ਵਿੱਚ ਲਗਭਗ ਹਰ ਕੋਈ ਭੁੱਖਮਰੀ ਦਾ ਸਾਹਮਣਾ ਕਰ ਰਿਹਾ ਹੈ। ਹੁਸੈਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਇਸੇ ਪੱਧਰ ‘ਤੇ ਜਾਰੀ ਰਹਿੰਦੀ ਹੈ ਅਤੇ ਭੋਜਨ ਦੀ ਲੋੜੀਂਦੀ ਸਪਲਾਈ ਨੂੰ ਯਕੀਨੀ ਨਹੀਂ ਬਣਾਇਆ ਜਾਂਦਾ ਹੈ, ਤਾਂ ਆਬਾਦੀ ਨੂੰ “ਅਗਲੇ ਛੇ ਮਹੀਨਿਆਂ ਵਿੱਚ ਭੁੱਖਮਰੀ ਦੀ ਭਿਆਨਕ ਸਥਿਤੀ” ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੂਜੇ ਪਾਸੇ, ਇਜ਼ਰਾਈਲੀ ਫੌਜ ਨੇ ਗਾਜ਼ਾ ਪੱਟੀ ਦੇ ਉੱਤਰੀ ਹਿੱਸੇ ਵਿੱਚ ਦੋ ਹਸਪਤਾਲਾਂ ਵਿੱਚ ਛਾਪਾ ਮਾਰਿਆ ਅਤੇ ਉੱਥੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਫੌਜ ਹਮਾਸ ਦੇ ਕੱਟੜਪੰਥੀਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।
ਇਜ਼ਰਾਈਲ ਨੇ ਮੰਗਲਵਾਰ ਨੂੰ ਦੱਖਣੀ ਗਾਜ਼ਾ ਦੇ ਸ਼ਹਿਰਾਂ ‘ਤੇ ਹਵਾਈ ਹਮਲੇ ਕੀਤੇ, ਜਿਸ ਵਿਚ ਘੱਟੋ-ਘੱਟ 45 ਫਲਸਤੀਨੀਆਂ ਦੀ ਮੌਤ ਹੋ ਗਈ। ਵਧਦੇ ਅੰਤਰਰਾਸ਼ਟਰੀ ਦਬਾਅ ਦੇ ਬਾਵਜੂਦ, ਇਜ਼ਰਾਈਲ ਨੇ ਅਮਰੀਕਾ ਦੇ ਸਮਰਥਨ ਨਾਲ ਹਮਲੇ ਤੇਜ਼ ਕਰ ਦਿੱਤੇ। ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਚੇਤਾਵਨੀ ਦਿੱਤੀ ਕਿ ਗਾਜ਼ਾ ਦੇ ਦੱਖਣ ਵਿੱਚ ਮੁਹਿੰਮ ਮਹੀਨਿਆਂ ਤੱਕ ਜਾਰੀ ਰਹੇਗੀ।
ਦੱਖਣੀ ਸ਼ਹਿਰ ਰਫਾਹ ਦੇ ਇੱਕ ਹਸਪਤਾਲ ਵਿੱਚ, ਮਹਿਮੂਦ ਜ਼ੋਰਾਬ ਨਾਮ ਦੇ ਇੱਕ ਵਿਅਕਤੀ ਨੇ ਆਪਣੇ ਦੋ ਬੱਚਿਆਂ ਨੂੰ ਹੰਝੂਆਂ ਨਾਲ ਵਿਦਾਇਗੀ ਦਿੱਤੀ ਜੋ ਉਨ੍ਹਾਂ ਦੇ ਘਰ ‘ਤੇ ਸਵੇਰੇ ਹੋਏ ਹਮਲੇ ਵਿੱਚ ਮਾਰੇ ਗਏ ਸਨ। ਹਮਲੇ ਵਿੱਚ ਜ਼ੋਰਾਬ, ਉਸ ਦੀ ਪਤਨੀ ਅਤੇ ਮਾਂ ਜ਼ਖ਼ਮੀ ਹੋ ਗਏ। ਰੱਖਿਆ ਮੰਤਰੀ ਗੈਲੈਂਟ ਨੇ ਕਿਹਾ ਕਿ ਇਜ਼ਰਾਈਲੀ ਬਲ ਉੱਤਰੀ ਗਾਜ਼ਾ ਵਿੱਚ ਸੁਰੰਗਾਂ ਵਿੱਚ ਦਾਖਲ ਹੋ ਰਹੇ ਹਨ ਤਾਂ ਜੋ ਖੇਤਰ ਵਿੱਚੋਂ ਅੱਤਵਾਦੀਆਂ ਨੂੰ “ਪੂਰੀ ਤਰ੍ਹਾਂ ਖਤਮ” ਕੀਤਾ ਜਾ ਸਕੇ।
ਗਾਜ਼ਾ ਸ਼ਹਿਰ ਸਮੇਤ ਸੰਘਣੀ ਆਬਾਦੀ ਵਾਲੇ ਉੱਤਰੀ ਸ਼ਹਿਰੀ ਖੇਤਰ ਵਿੱਚ ਇਜ਼ਰਾਈਲੀ ਸੁਰੱਖਿਆ ਬਲਾਂ ਅਤੇ ਹਮਾਸ ਦੇ ਕੱਟੜਪੰਥੀਆਂ ਵਿਚਕਾਰ ਭਿਆਨਕ ਲੜਾਈ ਜਾਰੀ ਹੈ। ਫਲਸਤੀਨੀ ਸਿਹਤ ਅਧਿਕਾਰੀਆਂ ਨੇ ਹਾਲ ਹੀ ਦੇ ਦਿਨਾਂ ਵਿੱਚ ਬੰਬਾਰੀ ਵਿੱਚ ਦਰਜਨਾਂ ਲੋਕਾਂ ਦੇ ਮਾਰੇ ਜਾਣ ਦੀ ਖਬਰ ਦਿੱਤੀ ਹੈ।