‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬੰਦਾ ਕਿੰਨਾ ਜ਼ਹਿਰੀਲਾ ਤੇ ਜਾਨਵਰਾਂ ਤੋਂ ਵੀ ਖਤਰਨਾਕ ਹੋ ਸਕਦਾ ਹੈ, ਇਹ ਕਰਨਾਟਕ ਦੇ ਸ਼ਿਵਮੋਗਾ ‘ਚ 150 ਬਾਂਦਰਾਂ ਤੋਂ ਬਾਅਦ 100 ਤੋਂ ਵੱਧ ਅਵਾਰਾ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਬੇਦਰਦੀ ਵਾਲੀ ਘਟਨਾ ਤੋਂ ਦੇਖਿਆ ਜਾ ਸਕਦਾ ਹੈ।ਜਾਣਕਾਰੀ ਅਨੁਸਾਰ ਸ਼ਿਵਮੋਗਾ ਜ਼ਿਲ੍ਹੇ ਦੇ ਭਦਰਾਵਤੀ ਤਾਲੁਕ ਪਿੰਡ ਵਿੱਚ 100 ਤੋਂ ਵੱਧ ਕੁੱਤਿਆਂ ਨੂੰ ਪਹਿਲਾਂ ਜ਼ਹਿਰ ਦੇ ਕੇ ਖਤਮ ਕਰ ਦਿੱਤਾ ਗਿਆ ਤੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਦੱਬ ਦਿੱਤਾ ਗਿਆ।ਇਸ ਮਾਮਲੇ ਵਿੱਚ ਪੁਲਿਸ ਨੇ ਗ੍ਰਾਮ ਪੰਚਾਇਤ ਅਧਿਕਾਰੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਹੀ ਹਸਨ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ 150 ਬਾਂਦਰਾਂ ਨੂੰ ਖਤਮ ਕਰਨ ਦੀ ਘਟਨਾ ਵਾਪਰੀ ਸੀ। ਇਸ ਘਟਨਾ ਦਾ ਕਰਨਾਟਕ ਹਾਈ ਕੋਰਟ ਨੇ ਨੋਟਿਸ ਵੀ ਲਿਆ ਸੀ ਤੇ ਸ਼ਰਾਰਤੀ ਤੱਤਾਂ ਵਿਰੁੱਧ ਕਾਰਵਾਈ ਦੀ ਗੱਲ ਕਹੀ ਸੀ।100 ਤੋਂ ਵੱਧ ਕੁੱਤਿਆਂ ਨੂੰ ਮਾਰਨ ਦੀ ਇਹ ਘਟਨਾ ਬੈਂਗਲੁਰੂ ਤੋਂ ਕੋਈ 270 ਕਿਲੋਮੀਟਰ ਦੂਰ ਭਦਰਾਵਤੀ ਤਾਲੁਕ ਦੀ ਕੰਬਾਦਾਲੂ-ਹੋਸੁਰ ਗ੍ਰਾਮ ਪੰਚਾਇਤ ਦੇ ਰੰਗਨਾਥਪੁਰਾ ਵਿੱਚ ਘਟੀ ਹੈ। ਇਹ ਵੀ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ ਕਿ ਕੁੱਤਿਆਂ ਨੂੰ ਜ਼ਿੰਦਾ ਫੂਕਣ ਤੋਂ ਬਾਅਦ ਵਿਚ ਦੱਬਿਆ ਗਿਆ ਹੈ। ਸ਼ਿਵਮੋਗਾ ਦੀ ਐਸਪੀ ਲਕਸ਼ਮੀ ਪ੍ਰਸਾਦ ਨੇ ਕਿਹਾ ਕਿ ਪਸ਼ੂਆਂ ਦੇ ਡਾਕਟਰਾਂ ਦੀ ਇੱਕ ਮਾਹਿਰ ਟੀਮ ਮੌਕੇ ਦਾ ਮੁਆਇਨਾ ਕਰਕੇ ਰਿਪੋਰਟ ਸੌਂਪੇਗੀ।