ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਮੇਰੇ ਪੁੱਤ ਦੇ ਅਕਸ ਨੂੰ ਢਾਹ ਲਾਉਣ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਲਾਰੈਂਸ ਬਿਸ਼ਨੋਈ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਲਾਰੇਂਸ ਦਾ ਵੀ ਜ਼ਿਆਦਾ ਕਸੂਰ ਨਹੀਂ ਲੱਗ ਰਿਹਾ । ਉਨ੍ਹਾਂ ਨੇ ਕਿਹਾ ਕਿ ਲਾਰੈਂਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ।
ਬਲਕੌਰ ਸਿੰਘ ਨੇ ਦੋਸ਼ ਲਾਇਆ ਕਿ ਬਿਸ਼ਨੋਈ ਦੀ ਇੱਕ ਸਾਜ਼ਿਸ਼ ਤਹਿਤ ਇੰਟਰਵਿਊ ਕੀਤੀ ਗਈ ਹੈ। ਇੰਟਰਵਿਊ ਨੂੰ ਟੀਵੀ ਚੈਨਲਾਂ ਤੇ ਚਲਾਇਆ ਗਿਆ ਸੀ। ਮੂਸੇਵਾਲਾ ਦੇ ਕਤਲ ਨੂੰ ਲੈ ਕੇ ਸਰਕਾਰ ’ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਕਾਫੀ ਲਾਪਰਵਾਹੀ ਵਰਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਜਾਣਕਾਰੀ ਲੀਕ ਕੀਤੀ ਗਈ। ਸਾਜ਼ਿਸ਼ਕਰਤਾ ਬਾਰੇ ਕੁਝ ਵੀ ਪਤਾ ਨਹੀਂ ਲੱਗਾ ਹੈ। ਸਿਰਫ ਅਪਰਾਧ ਕਰਨ ਵਾਲੇ ਗ੍ਰਿਫ਼ਤਾਰ ਹੋਏ ਹਨ। ਸੂਚਨਾ ਲੀਕ ਕਰਨ ਵਾਲੀ ਸਰਕਾਰ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਬਿਆਨ ’ਤੇ ਵੀ ਇਤਰਾਜ਼ ਜਤਾਇਆ ਹੈ।
ਇਸੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਤੋਂ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਤੋਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਹਾਈਕੋਰਟ ਜਾਣ ਬਾਰੇ ਵਿਜਾਰ ਕੀਤਾ ਜਾ ਰਿਹਾ ਹੈ ਸੀਨੀਅਰ ਵਕੀਲਾਂ ਨਾਲ ਸਲਾਹ ਕੀਤਾ ਜਾ ਰਹੀ ਹੈ। ਦੱਸ ਦੇਈਏ ਕਿ 19 ਮਾਰਚ ਨੂੰ ਸਿੱਧੂ ਮੂਸੇ ਵਾਲਾ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਸਿੱਧੂ ਦੀ ਬਰਸੀ ਮਾਨਸਾ ਦੀ ਅਨਾਜ ਮੰਡੀ ਵਿਖੇ ਰੱਖੀ ਗਈ ਹੈ।