‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਪੰਜਾਬ ਸਰਕਾਰ ਉੱਤੇ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਸੁਰੱਖਿਆ ਹਟਾਏ ਜਾਣ ਕਾਰਨ ਉਨ੍ਹਾਂ ਦੇ ਪੁੱਤਰ ਦੀ ਜਾਨ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਸਿੱਧੂ ਦੀ ਸੁਰੱਖਿਆ ਹਟਾਉਣ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਆਈ, ਉਸੇ ਦਿਨ ਤੋਂ ਹੀ ਸਾਡੇ ਘਰ ‘ਚ ਸ਼ੱਕੀ ਘੁੰਮਣਾ ਸ਼ੁਰੂ ਹੋ ਗਏ ਸਨ।

ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਲਈ ਪੁਲਿਸ-ਪ੍ਰਸ਼ਾਸਨ ਜ਼ਿੰਮੇਵਾਰ ਹੈ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਦੇ ਪੁੱਤਰ ਦੇ ਚਾਰ ਲੋਕਾਂ ਦੀ ਸੁਰੱਖਿਆ ਹਟਾਉਣ ਨਾਲ ਸੂਬੇ ਦਾ ਖਾਲੀ ਖ਼ਜ਼ਾਨਾ ਭਰ ਜਾਵੇਗਾ। ਗੈਂਗਸਟਰਾਂ ਦੇ ਨਾਂ ਜੋੜਨ ‘ਤੇ ਉਨ੍ਹਾਂ ਕਿਹਾ ਕਿ ਕੀ ਮੈਂ ਗੈਂਗਸਟਰ ਲੱਗ ਰਿਹਾ ਹਾਂ।

ਬਲਕੌਰ ਸਿੰਘ ਨੇ ਦੱਸਿਆ ਕਿ ਕਿਸੇ ਨੇ ਸਾਡੇ ਪਰਿਵਾਰ ਨੂੰ ਗੈਂਗਸਟਰਾਂ ਨਾਲ ਜੋੜ ਦਿੱਤਾ ਹੈ। ਮੈਂ ਫੌਜ ਵਿੱਚ ਨੌਕਰੀ ਕੀਤੀ ਹੈ। ਲੇਹ-ਲੱਦਾਖ ਵਿੱਚ -30 ਡਿਗਰੀ ਸੈਲਸੀਅਸ ਵਿੱਚ ਡਿਊਟੀ ਕੀਤੀ ਜਾਂਦੀ ਹੈ। ਕੀ ਮੈਂ ਆਪਣੇ ਦੇਸ਼ ਵਿਰੁੱਧ ਇੱਕ ਵੀ ਗਾਲੀ-ਗਲੋਚ ਸੁਣਾਂਗਾ? ਉਨ੍ਹਾਂ ਕਿਹਾ ਕਿ ਮੈਂਨੂੰ ਆਪਣੇ ਬੇਟੇ ਦੀ ਮੌਤ ‘ਤੇ ਮਾਣ ਹੈ, ਮੈਂ ਆਪਣੀ ਮੌਤ ਤੱਕ ਉਸ ਦੀ ਕਮੀ ਮਹਿਸੂਸ ਕਰਾਂਗਾ।

ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੂਸੇਵਾਲਾ ਦੇ ਅੰਤਿਮ ਸਸਕਾਰ ‘ਚ ਨਾ ਪਹੁੰਚਣ ‘ਤੇ ਵਿਰੋਧੀ ਧਿਰ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਸਰਕਾਰ ਨੇ ਜਾਣਬੁੱਝ ਕੇ ਆਪਣਾ ਕੋਈ ਨੁਮਾਇੰਦਾ ਨਹੀਂ ਭੇਜਿਆ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜ ਵੜਿੰਗ ਨੇ ਕਿਹਾ ਕਿ ਸਰਕਾਰ ਦੀ ਅਣਦੇਖੀ ਕਾਰਨ ਸਿੱਧੂ ਮੂਸੇਵਾਲਾ ਦੀ ਜਾਨ ਚਲੀ ਗਈ ਹੈ। ਸਰਕਾਰ ਨੂੰ ਡਰ ਸੀ ਕਿ ਜੇਕਰ ਕੋਈ ਨੁਮਾਇੰਦਾ ਮੂਸੇਵਾਲਾ ਦੇ ਅੰਤਿਮ ਸਸਕਾਰ ‘ਤੇ ਪਹੁੰਚਿਆ ਤਾਂ ਉਸ ਨੂੰ ਜਨਤਾ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।

ਸੂਤਰ ਦੱਸਦੇ ਹਨ ਕਿ ਭਗਵੰਤ ਮਾਨ ਬਤੌਰ ਕਲਾਕਾਰ ਜਾਣ ਦੀ ਇੱਛਾ ਤਾਂ ਰੱਖਦੇ ਸਨ ਪਰ ਖੁਫੀਆ ਪੁਲਿਸ ਨੇ ਭਾਰੀ ਭੀੜ ਦੀ ਵਜ੍ਹਾ ਕਰਕੇ ਜਾਣ ਤੋਂ ਰੋਕ ਦਿੱਤਾ ਸੀ। ਇਸੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਤੋਂ ਹਿਮਾਚਲ ਜਾਣ ਵੇਲੇ ਮੁਹਾਲੀ ਹਵਾਈ ਅੱਡੇ ਉੱਤੇ ਰੁਕਣਾ ਸੀ ਅਤੇ ਮੁੱਖ ਮੰਤਰੀ ਦਾ ਉਨ੍ਹਾਂ ਦਾ ਸਵਾਗਤ ਕਰਨ ਦਾ ਪ੍ਰੋਗਰਾਮ ਸੀ। ਸਰਕਾਰ ਇਹ ਵੀ ਮਹਿਸੂਸ ਕਰਦੀ ਹੈ ਕਿ ਮੂਸੇਵਾਲਾ ਦੇ ਸਸਕਾਰ ਵੇਲੇ ਲੋਕ ਸਰਕਾਰ ਵਿਰੋਧੀ ਨਾਅਰੇ ਲਾ ਰਹੇ ਸਨ ਜਿਸ ਕਰਕੇ ਸਰਕਾਰ ਦਾ ਕੋਈ ਵੀ ਪ੍ਰਤੀਨਿਧ ਹਾਜ਼ਰੀ ਨਹੀਂ ਲਵਾ ਸਕਿਆ। ਉਂਝ, ਅੰਤਿਮ ਵਿਦਾਇਗੀ ਵੇਲੇ ਸਰਕਾਰ ਵੱਲੋਂ ਹਜ਼ਾਰ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ ਪਰ ਸਰਕਾਰ ਦੀ ਸੁਰੱਖਿਆ ਬੋਨੀ ਹੋ ਕੇ ਰਹਿ ਗਈ ਅਤੇ ਲੋਕ ਆਖਰੀ ਦਰਸ਼ਨਾਂ ਲਈ ਸੁਰੱਖਿਆ ਦਾ ਘੇਰਾ ਤੋੜ ਕੇ ਅੱਗੇ ਵੱਧ ਗਏ।