The Khalas Tv Blog Punjab “ਬੇਬੱਸ ਪਿਤਾ ਤੋਂ ਬਦ-ਦੁਆ ਨਾ ਲੈਣ CM ਮਾਨ”
Punjab

“ਬੇਬੱਸ ਪਿਤਾ ਤੋਂ ਬਦ-ਦੁਆ ਨਾ ਲੈਣ CM ਮਾਨ”

ਮਾਨਸਾ : ਹਰ ਐਤਵਾਰ ਦੀ ਤਰਾਂ ਅੱਜ ਵੀ ਪਿੰਡ ਮੂਸੇ ਆਪਣੇ ਘਰ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਵਾਰ ਮੁੜ ਤੋਂ ਪੰਜਾਬ ਸਰਕਾਰ ਤੋਂ ਆਪਣੇ ਪੁੱਤ ਲਈ ਇਨਸਾਫ਼ ਦੀ ਮੰਗ ਕੀਤੀ ਹੈ।

ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਰਕਾਰ ਤੋਂ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਗਦਾ ਹੈ ਕਿ ਮੈਂ ਬਦਕਿਸਮਤ ਹਾਂ ਇਸ ਲਈ ਮੈਨੂੰ ਮਿਲਣਾ ਨਹੀਂ ਚਾਹੀਦਾ, ਹਾਂ ਮੈਂ ਬਦਕਿਸਮਤ ਹਾਂ ਪਰ ਮੈਂ ਆਪਣੇ ਬੇਟੇ ਲਈ ਸਰਕਾਰ ਤੋਂ ਕੁਝ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਉਨ੍ਹਾਂ ਦਾ ਕੀ ਕਸੂਰ ਹੈ ਜੇ ਉਨ੍ਹਾਂ ਦੇ ਬੇਟੇ ਦਾ ਕੋਈ ਕਸੂਰ ਹੈ ਤਾਂ ਸਰਕਾਰ ਉਨ੍ਹਾਂ ਨੂੰ ਦੱਸੇ ਜਿਸ ਤੋਂ ਬਾਅਦ ਉਹ ਅੱਗੇ ਕਦੇ ਵੀ ਇਨਸਾਫ਼ ਦੀ ਮੰਗ ਨਹੀਂ ਕਰਨਗੇ।

ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਗੋਲਡੀ ਬਰਾੜ ਵੱਲੋਂ ਜੋ ਮੀਡੀਆ ਵਿੱਚ ਕਿਹਾ ਗਿਆ ਹੈ ਉਸ ਨੂੰ ਹੀ ਕੇਸ ਬਣਾ ਦਿੱਤਾ ਹੈ। ਬਲਕੌਰ ਸਿੰਘ ਨੇ ਕਿਹਾ ਕਿ 10 ਤਾਰੀਕ ਨੂੰ ਮੁੱਖ ਮੰਤਰੀ ਮਾਨਸਾ ਆਏ ਸੀ ਤੇ ਇਸ ਦੌਰਾਨ ਮੁੱਖ ਮੰਤਰੀ ਨੂੰ ਮਿਲਣ ਦੇ ਯਤਨ ਵੀ ਕੀਤੇ ਗਏ ਸੀ ਪਰ ਉਹ ਨਹੀਂ ਮਿਲੇ ਤੇ ਅੱਜ ਤੱਕ ਉਨ੍ਹਾਂ ਦਾ ਕੋਈ ਵੀ ਸੰਦੇਸ਼ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਵੇਲੇ ਉਨਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ।

ਸਰਕਾਰ ‘ਤੇ ਸਵਾਲ ਚੁੱਕਦਿਆਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਮੌਜੂਦਗੀ ਵਿੱਚ ਲਾਰੈਂਸ ਦੀ ਇੰਟਰਵਿਊ ਵਾਇਰਲ ਹੁੰਦੀ ਹੈ ਪਰ ਇਸਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪੰਜਾਬ ਵਿੱਚ ਫੈਲੇ ਗੈਂਗਸਟਰਾਂ ਦੇ ਵੱਧਦੇ ਪ੍ਰਭਾਵ ‘ਤੇ ਚੁੱਪ ਵੱਟੀ ਬੈਠੀ ਹੈ।

ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਦਾ ਨਾਂਅ ਲੈਂਦਿਆ ਕਿਹਾ ਕਿ ਉਹ ਬੇਬਸ ਪਿਤਾ ਤੋਂ ਬਦ-ਦੁਆ ਨਾ ਲੈਣ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਵਰਗੇ ਇੱਥੋਂ ਲੋਕਾਂ ਤੋਂ ਪੈਸਾ ਲੈ ਕੇ ਵਿਦੇਸ਼ਾਂ ਵਿੱਚ ਭੇਜਦੇ ਹਨ ਜਦੋਂ ਕਿ  ਸਿੱਧੂ ਮੂਸੇਵਾਲਾ ਵਿਦੇਸ਼ਾਂ ਤੋਂ ਪੈਸੇ ਲਿਆ ਕੇ ਸਰਕਾਰੀ ਖ਼ਜ਼ਨਾ ਭਰਦਾ ਸੀ ਕੀ ਇਹ ਹੀ ਉਸਦਾ ਕਸੂਰ ਸੀ।

ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਸਰਕਾਰ ਨੂੰ ਇੱਕ ਹੀ ਸਵਾਲ ਹੈ ਕਿ ਸਰਕਾਰ ਉਨ੍ਹਾਂ ਨੂੰ ਇਨਸਾਫ਼ ਕਿਉਂ ਨਹੀਂ ਦੇ ਰਹੀ, ਤੇ ਸਰਕਾਰ ਬਿਸ਼ਨੋਈ ਦਾ ਸਾਥ ਕਿਉਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਇਹ ਕਹਿ ਦੇਣ ਕਿ ਉਨ੍ਹਾਂ ਨੇ ਜੋ ਕੀਤਾ ਹੈ ਬੱਸ ਉਹ ਠੀਕ ਹੈ ਇਸ ਤੋਂ ਬਾਅਦ ਉਹ ਸਰਕਾਰ ਤੋਂ ਆਪਣੇ ਬੇਟੇ ਲਈ ਇਨਸਾਫ਼ ਦੀ ਮੰਗ ਨਹੀਂ ਕਰਨਗੇ। ਪਰ ਸਰਕਾਰ ਦੀ ਚੁੱਪ ਬਹੁਤ ਕੁਝ ਕਹਿ ਰਹੀ ਹੈ ਇਸ ਲਈ ਉਹ ਆਪਣੇ ਬੇਟੇ ਦੇ ਇਨਸਾਫ਼ ਲਈ ਆਖ਼ਰੀ ਦਮ ਤੱਕ ਲੜਦੇ ਰਹਿਣਗੇ।

Exit mobile version