ਬਿਉਰੋ ਰਿਪੋਰਟ: ਪਿਛਲੇ ਦਿਨੀਂ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਲਮਾਨ ਖ਼ਾਨ ਦੇ ਘਰ ਗੋਲੀਬਾਰੀ ਕਰਨ ਵਾਲੇ ਮੁਲਜ਼ਮਾਂ ਨੇ ਹਮਲਾ ਕਰਨ ਤੋਂ ਪਹਿਲਾਂ ਜੇਲ੍ਹ ਵਿੱਚ ਬੈਠੇ ਲਾਰੇਂਸ ਬਿਸ਼ਨੋਈ ਨਾਲ ਫ਼ੋਨ ’ਤੇ ਗੱਲ ਕੀਤੀ ਸੀ। ਇਸ ਰਿਪੋਰਟ ਨੂੰ ਆਪਣੇ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦਿਆਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੇਂਦਰ ਸਰਕਾਰ ’ਤੇ ਗੰਭੀਰ ਇਲਜ਼ਾਮ ਲਾਉਂਦਿਆਂ ਸਵਾਲ ਖੜੇ ਕੀਤੇ ਹਨ?
ਬਲਕੌਰ ਸਿੰਘ ਨੇ ਸਵਾਲ ਖੜਾ ਕੀਤਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਾਤਲ ਲਾਰੈਂਸ ਬਿਸ਼ਨੋਈ ਜੇਲ੍ਹ ਵਿੱਚ ਬੈਠ ਕੇ ਇੰਟਰਵਿਊ ਦੇ ਰਿਹਾ ਹੈ, ਪਾਕਿਸਤਾਨ ਵਿੱਚ ਬਦਮਾਸ਼ਾਂ ਨਾਲ ਗੱਲਬਾਤ ਕਰਦਾ ਹੈ ਤੇ ਹਮਲਿਆਂ ਤੋਂ ਪਹਿਲਾਂ ਆਪਣੇ ਕਰਿੰਦਿਆਂ ਨਾਲ ਵੀ ਗੱਲ ਕਰਦਾ ਹੈ ਕਿ ਕੀ ਸਰਕਾਰ ਨੇ ਬਿਸ਼ਨੋਈ ਨੂੰ ਮਹਿਫੂਜ਼ ਕਰਨ ਲਈ ਗੁਜਰਾਤ ਜੇਲ੍ਹ ਭੇਜਿਆ ਹੈ? ਅਤੇ ਕੀ ਕੇਂਦਰ ਸਰਕਾਰ ਵੱਲੋਂ ਸੈਕਸ਼ਨ 268(1) ਚੱਲ ਰਹੇ ਕੇਸਾਂ ਦੀ ਜਾਂਚ ਨੂੰ ਹੌਲੀ ਕਰਨ ਲਈ ਲਗਾਇਆ ਗਿਆ ਹੈ?
ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਸਿੱਧੂ ਦੇ ਜਾਣ ਤੋਂ 799ਦਿਨਾਂ ਬਾਅਦ ਮੁੰਬਈ ਪੁਲਿਸ ਨੇ ਚਾਰਜਸ਼ੀਟ ਵਿੱਚ ਦੱਸਿਆ ਹੈ ਕਿ ਸਲਮਾਨ ਖ਼ਾਨ ਦੇ ਘਰ ’ਤੇ ਹਮਲਾ ਕਰਨ ਵਾਲਿਆਂ ਨਾਲ ਲਾਰੈਂਸ ਬਿਸ਼ਨੋਈ ਹਮਲੇ ਤੋਂ ਪਹਿਲਾਂ ਫ਼ੋਨ ਤੇ ਗੱਲ ਕਰ ਰਿਹਾ ਸੀ।
ਉਨ੍ਹਾਂ ਕਿਹਾ ਕਿ ਮਾਰਚ, 2023 ਵਿੱਚ ਦਿੱਤੀਆਂ ਗਈਆਂ ਇੰਟਰਵਿਊਆਂ ਵਿੱਚ ਇਸ ਹਮਲੇ ਦੀ ਧਮਕੀ ਦਿੱਤੀ ਗਈ ਸੀ ਅਤੇ ਗੈਰ ਕਾਨੂੰਨੀ ਇੰਟਰਵਿਊਆਂ ਦੀ ਜਾਂਚ ਕਰਵਾਉਣ ਦੀ ਬਜਾਏ ਕੇਂਦਰ ਸਰਕਾਰ ਨੇ ਗੈਂਗਸਟਰ ਨੂੰ ਸੈਕਸ਼ਨ 268(1) ਤਹਿਤ ਗੁਜਰਾਤ ਜੇਲ੍ਹ ਵਿੱਚ ਮਹਿਫੂਜ਼ ਕਰ ਦਿੱਤਾ। ਇਸ ਸੈਕਸ਼ਨ ਤਹਿਤ ਕੋਈ ਕੋਰਟ, ਕੋਈ ਜਾਂਚ ਏਜੰਸੀ ਗੈਂਗਸਟਰ ਨੂੰ ਜੇਲ੍ਹ ਵਿੱਚੋਂ ਬਾਹਰ ਨਹੀਂ ਲਿਜਾ ਸਕਦੀ।
ਉਨ੍ਹਾਂ ਸਵਾਲ ਚੁੱਕਿਆ ਕਿ ਕੀ ਕੇਂਦਰ ਸਰਕਾਰ ਵੱਲੋਂ ਇਹ ਸੈਕਸ਼ਨ ਚੱਲ ਰਹੇ ਕੇਸਾਂ ਦੀ ਜਾਂਚ ਨੂੰ ਹੌਲੀ ਕਰਨ ਲਈ ਲਗਾਇਆ ਗਿਆ ਹੈ? ਕਿਉਂਕਿ ਗੈਂਗਸਟਰ ਆਪਣੇ ਅਪਰਾਧਾਂ ਨੂੰ ਅੰਜਾਮ, ਪਾਕਿਸਤਾਨ ਤੱਕ ਵੀਡੀਓ ਕਾਲਾਂ, ਧਮਕੀਆਂ ਤਾਂ ਜੇਲ੍ਹ ਵਿੱਚ ਬੈਠਿਆਂ ਦੇ ਹੀ ਰਿਹਾ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਨੇ ਕਿਹਾ ਕਿ ਉਹ ਪਹਿਲਾਂ ਵੀ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੂੰ ਇਹ ਸਵਾਲ ਪੁੱਛਣ ਦੀ ਅਪੀਲ ਕਰ ਚੁੱਕੇ ਹਨ।