‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੂਸੇਵਾਲਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ। ਇਸ ਮੌਕੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਵੀ ਮੌਜੂਦ ਸਨ।
ਇਸ ਮੌਕੇ ਨਵਜੋਤ ਸਿੱਧੂ ਨੇ ਬੋਲਦਿਆਂ ਕਿਹਾ ਕਿ ਅਸੀਂ ਮੂਸੇਵਾਲਾ ਦੀ ਇੱਕ ਮੀਟਿੰਗ ਹਾਈਕਮਾਂਡ ਨਾਲ ਕਰਾਵਾਂਗੇ। ਸਿੱਧੂ ਮੂਸੇਵਾਲਾ ਆਪਣੇ ਨਿਵੇਕਲੇ ਢੰਗ ਦੇ ਨਾਲ ਗਾਉਂਦਾ ਹੈ ਜਿਸ ਕਰਕੇ ਉਹ ਅੱਜ ਦੀ ਨੌਜਵਾਨ ਪੀੜੀ ਦਾ ਹਰਮਨ ਪਿਆਰਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅੱਜ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਵੱਡੀ ਕ੍ਰਾਂਤੀਕਾਰੀ ਦਿਨ ਹੈ ਕਿ ਇੱਕ ਸਾਧਾਰਨ ਪਰਿਵਾਰ ਤੋਂ ਉੱਠ ਕੇ ਬਣਿਆ ਵੱਡਾ ਕਲਾਕਾਰ ਕਾਂਗਰਸ ਵਿੱਚ ਸ਼ਾਮਿਲ ਹੋਇਆ ਹੈ। ਹੁਣ ਕਾਂਗਰਸ ਪਾਰਟੀ ਵਿੱਚ ਸਿੱਧੂ ਮੂਸੇਵਾਲਾ ਦਾ ਬੰਬੀਹਾ ਬੋਲੇਗਾ। ਇਹ ਨੌਜਵਾਨ ਲੋਕਾਂ ਦੀਆਂ ਭਾਵਨਾਵਾਂ ਨੂੰ ਜਾਣਦਾ ਹੈ ਅਤੇ ਉਸਨੂੰ ਉਜਾਗਰ ਕਰਦਾ ਹੈ।
ਇਸ ਮੌਕੇ ਸਿੱਧੂ ਨੇ ਕਿਹਾ ਕਿ ਅੱਜ ਮੈਂ ਆਪਣੀ ਜ਼ਮੀਰ ਵਿੱਚ ਇੱਕ ਨਵਾਂ ਕਦਮ ਚੁੱਕਣ ਜਾ ਰਿਹਾ ਹਾਂ। ਇੱਕ ਨਵੀਂ ਦੁਨੀਆ ਵਿੱਚ ਅੱਜ ਮੇਰੀ ਸ਼ੁਰੂਆਤ ਹੈ। ਮਾਨਸਾ ਅਤੇ ਬਠਿੰਡਾ ਮੇਰੇ ਨਾਲ ਖੜ੍ਹਾ ਹੈ। ਕਾਂਗਰਸ ਵਿੱਚ ਸ਼ਾਮਿਲ ਹੋਣ ਪਿੱਛੇ ਮੇਰਾ ਬਹੁਤ ਵੱਡਾ ਕਾਰਨ ਹੈ। ਪੰਜਾਬ ਕਾਂਗਰਸ ਵਿੱਚ ਆਮ ਘਰਾਂ ਤੋਂ ਉੱਠੇ ਹੋਏ ਲੋਕ ਮੌਜੂਦ ਹਨ। ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਿਵੇਂ ਮੈਨੂੰ ਇੰਡਸਟਰੀ ਵਿੱਚ ਪਿਆਰ ਦਿੱਤਾ ਹੈ, ਉਵੇਂ ਹੀ ਮੈਨੂੰ ਰਾਜਨੀਤੀ ਵਿੱਚ ਵੀ ਆਪਣਾ ਸਹਿਯੋਗ ਦਿਉ।
ਜਦੋਂ ਪੱਤਰਕਾਰਾਂ ਨੇ ਮੁੱਖ ਮੰਤਰੀ ਚੰਨੀ ਤੋਂ ਮੂਸੇਵਾਲਾ ਉੱਤੇ ਚੱਲ ਰਹੇ ਕੇਸਾਂ ਬਾਰੇ ਪੁੱਛਿਆ ਤਾਂ ਉਹ ਬਿਨਾਂ ਕੋਈ ਜਵਾਬ ਦਿੱਤੇ ਉਥੋਂ ਨਿਕਲ ਗਏ। ਇਸ ਸਾਰੇ ਮਾਮਲੇ ‘ਤੇ ਨਵਜੋਤ ਸਿੱਧੂ ਨੇ ਕਿਹਾ ਕਿ ਕੇਸ ਕਿਸੇ ‘ਤੇ ਵੀ ਹੋ ਸਕਦਾ ਹੈ ਤਾਂ ਉਸ ‘ਤੇ ਟਿੱਪਣੀ ਕਰਨਾ ਸਹੀ ਨਹੀਂ ਹੈ। ਬਹੁਤ ਲੋਕ ਹਨ ਜਿਨ੍ਹਾਂ ‘ਤੇ ਮਾਮਲਾ ਦਰਜ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਮੂਸੇਵਾਲਾ ਸਹੀ ਹੈ ਜਾਂ ਗਲਤ ਇਸ ਦਾ ਫੈਸਲਾ ਪੰਜਾਬ ਦੇ ਲੋਕ ਕਰਨਗੇ। ਉਨ੍ਹਾਂ ਮੂਸੇਵਾਲਾ ਨੂੰ ‘ਯੂਥ ਆਈਕਾਨ’ ਦੱਸਿਆ। ਸਿੱਧੂ ਨੇ ਕਿਹਾ ਕਿ ਕੇਸ ਦਾ ਮਤਲਬ ਇਹ ਨਹੀਂ ਕਿ ਉਹ ਦੋਸ਼ੀ ਹੈ। ਮੇਰੇ ‘ਤੇ ਵੀ ਕੇਸ ਹੋਇਆ ਪਰ ਮੈਂ 6 ਵਾਰ ਚੋਣਾਂ ਲੜਿਆ।