ਦ ਖ਼ਾਲਸ ਬਿਊਰੋ :- ਆਪਣੇ ਗਾਣਿਆਂ ਦੇ ਨਾਲ-ਨਾਲ ਪੁਲਿਸ ਥਾਣਿਆਂ ‘ਚ ਮਸ਼ਹੂਰ ਰਹਿਣ ਵਾਲੇ ਗਾਇਕ ਸਿੱਧੂ ਮੂਸੇਵਾਲੇ ਨੇ ਮੀਡੀਆ ਨਾਲ ਵੀ ਨਵੀਂ ਦੁਸ਼ਮਣੀ ਪਾਲ ਲਈ ਹੈ। ਮੂਸੇਵਾਲੇ ਵੱਲੋਂ ਮੀਡੀਆ ਨੂੰ ਧਮਕੀਆਂ ਦੇਣ, ਮੀਡੀਆ ਪ੍ਰਤੀ ਮੰਦੀ ਸ਼ਬਦਾਵਲੀ ਵਰਤਣ ਦੇ ਮਾਮਲੇ ਨੂੰ ਲੈ ਕੇ ਪਟਿਆਲਾ ਮੀਡੀਆ ਕਲੱਬ ਵੱਲੋਂ ਅੱਜ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੂੰ ਮੰਗ ਪੱਤਰ ਦੇ ਕੇ ਮੂਸੇਵਾਲਾ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕਲੱਬ ਦਾ ਵਫ਼ਦ ਪੁਲੀਸ ਮੁਖੀ ਨੂੰ ਅੱਜ ਉਨ੍ਹਾਂ ਦੇ ਇੱਥੇ ਸਥਿਤ ਦਫ਼ਤਰ ਵਿੱਚ ਮਿਲਿਆ।

ਵਫ਼ਦ ਵਿੱਚ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ, ਅਮਨ ਸੂਦ, ਮਨੀਸ਼ ਸਰਹੱਦੀ, ਕਲੱਬ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਭੰਗੂ ਤੇ ਰਵੇਲ ਸਿੰਘ ਭਿੰਡਰ ਸਮੇਤ ਪਰਮੀਤ ਸਿੰਘ, ਨਵਦੀਪ ਸਿੰਘ ਢੀਂਗਰਾ, ਚੰਦਨ ਸਵਪਨਿਲ, ਭਾਰਤ ਭੂਸ਼ਨ, ਇੰਦਰਜੀਤ ਸਿੰਘ ਬਖਸ਼ੀ, ਕਮਰਇੰਦਰ ਸਿੰਘ, ਸੁੰਦਰ ਸ਼ਰਮਾ, ਅਮਰਜੀਤ ਸਿੰਘ ਸਰਤਾਜ, ਅਮਨਦੀਪ ਸਿੰਘ, ਵਰੁਣ ਸੈਣੀ ਤੇ ਮੋਹਨ ਲਾਲ ਆਦਿ ਸ਼ਾਮਲ ਸਨ।