ਅੱਜ ਵਿਪਤਾ ‘ਚ ਪੰਜਾਬ ਪੂਰਾ,
ਤੇਰੀ ਲੋੜ ਦੀ ਮੈਨੂੰ ਖੋਹ ਪੈਂਦੀ,
ਤੂੰ ਪਹਿਲ ‘ਤੇ ਅੱਗੇ ਆਉਣਾ ਸੀ
ਜਿਹਨੇ ਖੜੇ ਸੰਦ ਤੇਰੇ ਵਿਹੜੇ ‘ਚ
ਅੱਜ ਸਭ ਨੂੰ ਕੰਮ ਲਗਾਉਣਾ ਸੀ
5911 ‘ਤੇ ਚੜ ਕੇ ਜਾ ਵੜਨਾ ਸੀ
ਡੁੱਬਦੇ ਪਿੰਡਾਂ ‘ਚ ਤੂੰ ਟਰੈਕਟਰ ਖੂਬ ਚਲਾਉਣਾ ਸੀ,
ਜਿਉਂ ਦਿੱਲੀ ਲੰਗਰ ਲਾਏ ਸੀ, ਸਭ ਦੇ ਦੁੱਖ ਵੰਡਾਏ ਸੀ,
ਇਉਂ ਹੀ ਅੱਜ ਵੀ ਅੱਗੇ ਆਉਣਾ ਸੀ, ਡੁੱਬਦੇ ਪਿੰਡਾਂ ਵਿੱਚ,
ਪੁੱਤਰਾ ਤੂੰ ਟਰੈਕਟਰ ਖੂਬ ਚਲਾਉਣਾ ਸੀ,
ਮਾਨਸਾ : ਭਾਰੀ ਮੀਂਹ ਨਾਲ ਪੰਜਾਬ ‘ਚ ਇਸ ਸਮੇਂ ਪੈਦਾ ਹੋਏ ਹੜ੍ਹਾਂ ਦੇ ਹਾਲਾਤਾਂ ਦਰਮਿਆਨ ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ ‘ਤੇ ਭਾਵੁਕ ਪੋਸਟ ਸਾਂਝੀ ਕੀਤੀ ਹੈ। ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਮਾਂ ਚਰਨ ਕੌਰ ਨੇ ਇਹ ਭਾਵੁਕ ਲਾਈਨਾਂ ਲਿਖੀਆਂ ਹਨ।
ਮਾਤਾ ਚਰਨ ਕੌਰ ਨੇ ਲਿਖਿਆ ਹੈ ਕਿ ਪੁੱਤ ਤੁਹਾਡੀ ਕਮੀ ਅੱਜ ਪੰਜਾਬ ਤੇ ਪਈ ਵਿਪਤਾ ਵਿੱਚ ਮੈਂ ਮਹਿਸੂਸ ਕਰ ਰਹੀ ਹਾਂ ਕਿ ਜੇਕਰ ਤੁਸੀਂ ਹੁੰਦੇ ਤਾਂ ਪੁੱਤ ਤੁਸੀਂ ਵੀ ਅੱਜ ਪੰਜਾਬ ਲਈ ਅੱਗੇ ਆਉਣਾ ਸੀ, ਪੰਜਾਬ ਤੇ ਪੰਜਾਬੀਅਤ ਲਈ ਤੁਹਾਡੇ ਦਿਲ ‘ਚ ਜੋ ਪਿਆਰ ਸੀ ਉਹ ਅੱਜ ਮੈਂ ਆਪਣੇ ਅੰਦਰ ਮਹਿਸੂਸ ਕਰ ਰਹੀ ਹਾਂ, ਅਕਾਲ ਪੁਰਖ ਪੰਜਾਬ ‘ਤੇ ਮਿਹਰ ਕਰੇ ।
ਬੀਤੇ ਦਿਨੀਂ ਲਗਾਤਾਰ ਪਏ ਭਾਰੀ ਮੀਂਹ ਤੋਂ ਬਾਅਦ ਉੱਤਰੀ ਭਾਰਤ ਦੇ ਕਈ ਸੂਬੇ ਹੜ੍ਹਾਂ ਦੀ ਮਾਰ ਹੇਠ ਆ ਗਏ। ਪੰਜਾਬ, ਹਰਿਆਣਾ ਅਤੇ ਹਿਮਾਚਲ ਸਣੇ ਉੱਤਰ ਭਾਰਤ ਦੇ ਕਈ ਸੂਬਿਆਂ ‘ਚ ਮੀਂਹ ਨੇ ਹਾਲ-ਬੇਹਾਲ ਕਰ ਰੱਖਿਆ ਹੈ। ਇਸ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ, ਹਿਮਾਚਲ ਅਤੇ ਪੰਜਾਬ ਵਿੱਚ ਕਈ ਥਾਈਂ ਪਾਣੀ ਭਰ ਗਿਆ। ਅਜਿਹੇ ਵਿੱਚ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਹੋਇਆ। ਜਿਸ ਵਿੱਚ ਫ਼ਸਲਾਂ, ਘਰਾਂ ਦਾ ਸਮਾਨ, ਇਲੈਕਟ੍ਰੋਨਿਕ ਵਸਤਾਂ ਦੇ ਨਾਲ-ਨਾਲ ਵੱਖ-ਵੱਖ ਵਾਹਨ ਵੀ ਨੁਕਸਾਨੇ ਗਏ। ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰ ਮੀਂਹ ਦੇ ਪਾਣੀ ‘ਚ ਡੁੱਬੇ ਪਏ ਹਨ ਅਤੇ ਇਹ ਪਾਣੀ ਲੋਕਾਂ ਦੇ ਘਰਾਂ ਤੱਕ ਵੜ ਆਇਆ ਹੈ। ਬਹੁਤ ਸਾਰੇ ਲੋਕ ਆਪਣੇ ਘਰ ਛੱਡ ਕੇ ਹੋਰ ਸੁਰੱਖਿਅਤ ਥਾਵਾਂ ‘ਤੇ ਜਾਣ ਨੂੰ ਮਜਬੂਰ ਹਨ। ਘਰਾਂ ‘ਚ ਵੜਿਆ ਪਾਣੀ ਨਾ ਸਿਰਫ਼ ਚੀਜ਼ਾਂ ਦਾ ਨੁਕਸਾਨ ਕਰਦਾ ਹੈ ਸਗੋਂ ਆਪਣੇ ਪਿੱਛੇ ਗੰਦੀ ਬਦਬੂ ਤੇ ਕਈ ਬਿਮਾਰੀਆਂ ਵੀ ਛੱਡ ਜਾਂਦਾ ਹੈ।
ਨਦੀਆਂ-ਨਾਲਿਆਂ ‘ਚ ਆਏ ਉਫਾਨ ਨੇ ਕਈ ਪਿੰਡਾਂ ਤੇ ਸ਼ਹਿਰਾਂ ‘ਚ ਹੜ੍ਹ ਵਰਗੇ ਹਾਲਾਤ ਬਣਾ ਦਿੱਤੇ ਹਨ ਅਤੇ ਉਨ੍ਹਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ ਦਰਿਆ ਵਿੱਚ ਬੀਤੇ ਕੱਲ੍ਹ ਪਏ ਪਾੜ ਨੂੰ ਅੱਜ ਦੂਜੇ ਦਿਨ ਵੀ ਬੰਦ ਨਹੀਂ ਕੀਤਾ ਜਾ ਸਕਿਆ ਹੈ, ਹਾਲਾਂਕਿ ਇਹ ਪਾੜ ਪਹਿਲਾਂ ਨਾਲੋਂ ਵੀ ਜ਼ਿਆਦਾ ਚੌੜਾ ਹੋ ਗਿਆ ਹੈ, ਜਿਸ ਕਾਰਨ ਲੋਕਾਂ ਵਿੱਚ ਸਹਿਮ ਹੈ। ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਖੇਤਰ ਵਿਚ ਘੱਗਰ ਦਾ ਪਾਣੀ ਲਗਾਤਾਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚੱਲ ਰਿਹਾ ਹੈ।