ਬਿਊਰੋ ਰਿਪੋਰਟ (ਚੰਡੀਗੜ੍ਹ, 26 ਨਵੰਬਰ 2025): ਚੰਡੀਗੜ੍ਹ ਸ਼ਹਿਰ ਦੀਆਂ ਸਾਰੀਆਂ ‘ਪੇਡ ਪਾਰਕਿੰਗਸ’ ਹੁਣ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (NHAI) ਦੇ ਅਧੀਨ ਹੋਣਗੀਆਂ। ਨਗਰ ਨਿਗਮ ‘ਡਿਜ਼ਾਈਨ, ਬਿਲਡ ਅਤੇ ਆਪਰੇਟ’ ਮਾਡਲ ਤਹਿਤ NHAI ਨਾਲ ਸਮਝੌਤਾ (MOU) ਕਰਨ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ਵਿੱਚ ਇੱਕਸਮਾਨ ਅਤੇ ਸੁਚਾਰੂ ਪਾਰਕਿੰਗ ਪ੍ਰਣਾਲੀ ਲਾਗੂ ਹੋਵੇਗੀ।
ਜਨਤਾ ਦੀ ਰਾਇ ਲੈਣ ਤੋਂ ਬਾਅਦ ‘ਵਨ ਸਿਟੀ-ਵਨ ਪਾਸ’ ਮਾਡਲ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਤਹਿਤ ਲਗਭਗ 90 ਪੇਡ ਪਾਰਕਿੰਗਾਂ ਵਿੱਚ ਇੱਕੋ ਪਾਸ ਵੈਧ ਹੋਵੇਗਾ। ਕਾਰ ਲਈ 500 ਰੁਪਏ ਅਤੇ ਦੋਪਹੀਆ ਵਾਹਨਾਂ ਲਈ 250 ਰੁਪਏ ਮਾਸਿਕ ਰੇਟ ਰੱਖਿਆ ਗਿਆ ਹੈ।
ਵਰਤਮਾਨ ਵਿੱਚ 89 ਵਿੱਚੋਂ ਸਿਰਫ਼ 73 ਪਾਰਕਿੰਗਾਂ ਹੀ ਪੇਡ ਹਨ, ਜਦੋਂ ਕਿ ਬਾਕੀ ਸਟਾਫ਼ ਦੀ ਘਾਟ ਕਾਰਨ ਮੁਫ਼ਤ ਚੱਲ ਰਹੀਆਂ ਹਨ।
NHAI ਮਾਡਲ ਤੋਂ ਪ੍ਰੇਰਿਤ ਪਾਸ
ਨਗਰ ਨਿਗਮ ਨੇ NHAI ਦੇ ਟੋਲ ਪਾਸ ਮਾਡਲ ਤੋਂ ਪ੍ਰੇਰਿਤ ਹੋ ਕੇ ਸਾਲਾਨਾ ਪਾਰਕਿੰਗ ਪਾਸ ਉੱਤੇ ਕੰਮ ਸ਼ੁਰੂ ਕੀਤਾ ਸੀ। ਨਿਗਮ ਨੇ ਪਹਿਲਾਂ 6,000 ਰੁਪਏ ਸਾਲਾਨਾ ਪਾਸ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਯੂ.ਟੀ. ਪ੍ਰਸ਼ਾਸਨ ਨੇ ਜ਼ਿਆਦਾ ਦੱਸਿਆ। ਇਸ ਤੋਂ ਬਾਅਦ NHAI ਨਾਲ ਗੱਲਬਾਤ ਸ਼ੁਰੂ ਹੋਈ ਅਤੇ ਨਵੇਂ ਮਾਡਲ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਮੌਜੂਦਾ ਹਾਲਾਤ ਅਤੇ ਸਮਾਰਟ ਪਾਰਕਿੰਗ
ਇਸ ਸਮੇਂ ਨਗਰ ਨਿਗਮ ਕੁੱਲ 89 ਪੇਡ ਪਾਰਕਿੰਗ ਸਥਾਨਾਂ ਦਾ ਸੰਚਾਲਨ ਕਰਦਾ ਹੈ, ਜਿਨ੍ਹਾਂ ਦੀ ਸਮਰੱਥਾ ਲਗਭਗ 16,030 ਕਾਰਾਂ ਦੀ ਹੈ। ਪਾਰਕਿੰਗ ਘੁਟਾਲੇ ਤੋਂ ਬਾਅਦ ਫਰਵਰੀ 2024 ਵਿੱਚ ਇਹ ਪ੍ਰਬੰਧ ਵਾਪਸ ਲੈ ਲਿਆ ਗਿਆ ਸੀ। ਫਿਲਹਾਲ ਨਿਗਮ ਖੁਦ 73 ਪਾਰਕਿੰਗਾਂ ਚਲਾ ਰਿਹਾ ਹੈ, ਪਰ ਸਟਾਫ਼ ਦੀ ਘਾਟ ਕਾਰਨ ਬਾਕੀ ਮੁਫ਼ਤ ਹਨ, ਜਿਸ ਨਾਲ ਨਿਗਮ ਨੂੰ ਲਗਾਤਾਰ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ।
ਨਿਗਮ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇ ਵੱਡੀ ਗਿਣਤੀ ਵਿੱਚ ਲੋਕ ਪਾਸ ਖਰੀਦਦੇ ਹਨ, ਤਾਂ ਪਾਰਕਿੰਗ ਦਰਾਂ ਵਧਾਉਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਲਈ ਘੰਟਿਆਂ ਦੇ ਹਿਸਾਬ ਨਾਲ ਦਰਾਂ ਵਧਾਉਣ ਦਾ ਪ੍ਰਸਤਾਵ ਫਿਲਹਾਲ ਸਦਨ ਵਿੱਚ ਨਹੀਂ ਲਿਆਂਦਾ ਜਾਵੇਗਾ।

