ਦਿੱਲੀ : ਸੰਸਦ ਦਾ ਮਾਨਸੂਨ ਸੈਸ਼ਨ ਅੱਜ, 21 ਜੁਲਾਈ 2025, ਤੋਂ ਸ਼ੁਰੂ ਹੋ ਰਿਹਾ ਹੈ ਅਤੇ 21 ਅਗਸਤ ਤੱਕ ਚੱਲੇਗਾ। ਇਸ ਦੌਰਾਨ ਆਪ੍ਰੇਸ਼ਨ ਸੰਧੂਰ, ਭਾਰਤ-ਪਾਕਿਸਤਾਨ ਜੰਗਬੰਦੀ, ਡੋਨਾਲਡ ਟਰੰਪ ਦੇ ਜੰਗਬੰਦੀ ਦਾਅਵਿਆਂ ਅਤੇ ਬਿਹਾਰ ਵੋਟਰ ਸੂਚੀ ਵਰਗੇ ਮੁੱਦਿਆਂ ’ਤੇ ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਤੋਂ ਜਵਾਬ ਮੰਗੇ ਜਾਣ ਦੀ ਸੰਭਾਵਨਾ ਹੈ, ਜਿਸ ਕਾਰਨ ਹੰਗਾਮਾ ਹੋ ਸਕਦਾ ਹੈ।
ਕੇਂਦਰ ਸਰਕਾਰ 8 ਨਵੇਂ ਬਿੱਲ ਪੇਸ਼ ਕਰੇਗੀ, ਜਿਨ੍ਹਾਂ ਵਿੱਚ ਮਨੀਪੁਰ ਜੀ.ਐਸ.ਟੀ. ਸੋਧ ਬਿੱਲ 2025, ਆਮਦਨ ਟੈਕਸ ਬਿੱਲ ਅਤੇ ਰਾਸ਼ਟਰੀ ਖੇਡ ਸ਼ਾਸਨ ਬਿੱਲ ਸ਼ਾਮਲ ਹਨ। ਇਸ ਦੇ ਨਾਲ ਹੀ 7 ਲੰਬਿਤ ਬਿੱਲਾਂ ’ਤੇ ਵੀ ਚਰਚਾ ਹੋਵੇਗੀ। ਪਹਿਲੇ ਦਿਨ, ਨਵੇਂ ਆਮਦਨ ਟੈਕਸ ਬਿੱਲ ’ਤੇ ਸੰਸਦੀ ਕਮੇਟੀ ਦੀ 285 ਸੁਝਾਵਾਂ ਵਾਲੀ ਰਿਪੋਰਟ ਲੋਕ ਸਭਾ ਵਿੱਚ ਪੇਸ਼ ਹੋਵੇਗੀ। ਇਹ 622 ਪੰਨਿਆਂ ਦਾ ਬਿੱਲ 1961 ਦੇ ਆਮਦਨ ਟੈਕਸ ਐਕਟ ਦੀ ਥਾਂ ਲਵੇਗਾ।
ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਸੈਸ਼ਨ ਦਾ ਐਲਾਨ ਕੀਤਾ, ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸ ਨੂੰ ਮਨਜ਼ੂਰੀ ਦਿੱਤੀ। 13 ਅਤੇ 14 ਅਗਸਤ ਨੂੰ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਸਦਨ ਨਹੀਂ ਬੈਠੇਗਾ। 20 ਜੁਲਾਈ ਨੂੰ ਸਰਬ-ਪਾਰਟੀ ਮੀਟਿੰਗ ਵਿੱਚ ਸੈਸ਼ਨ ਦੇ ਏਜੰਡੇ ’ਤੇ ਚਰਚਾ ਹੋਈ।