ਬਿਊਰੋ ਰਿਪਰੋਟ (ਤਹਿਰਾਨ, 9 ਮਾਰਚ 2026): ਇਰਾਨ ਦੇ ਮਰਹੂਮ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਦੇ ਪੁੱਤਰ ਮੁਜਤਬਾ ਖਾਮੇਨੇਈ ਨੂੰ ਉਨ੍ਹਾਂ ਦਾ ਉਤਰਾਧਿਕਾਰੀ ਅਤੇ ਦੇਸ਼ ਦਾ ਨਵਾਂ ਸੁਪਰੀਮ ਲੀਡਰ ਚੁਣ ਲਿਆ ਗਿਆ ਹੈ। ਉਨ੍ਹਾਂ ਦੇ ਨਾਮ ਦਾ ਐਲਾਨ ਇਰਾਨੀ ਸਰਕਾਰੀ ਟੀਵੀ ਨੇ ਸੋਮਵਾਰ ਤੜਕੇ ਕੀਤਾ।
ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਉਨ੍ਹਾਂ ਦੇ ਪਿਤਾ ਦੀ 28 ਫਰਵਰੀ ਨੂੰ ਇਜ਼ਰਾਈਲੀ ਹਮਲੇ ਵਿੱਚ ਮੌਤ ਤੋਂ ਬਾਅਦ ਖੇਤਰ ਵਿੱਚ ਜਾਰੀ ਜੰਗ ਨੇ ਨਵਾਂ ਮੋੜ ਲੈ ਲਿਆ ਹੈ। ਮੁਜਤਬਾ ਖਾਮੇਨੇਈ ਨੂੰ ਲੰਬੇ ਸਮੇਂ ਤੋਂ ਇਸ ਅਹੁਦੇ ਦੇ ਮੁੱਖ ਦਾਅਵੇਦਾਰਾਂ ਵਿੱਚ ਮੰਨਿਆ ਜਾ ਰਿਹਾ ਸੀ, ਹਾਲਾਂਕਿ ਉਨ੍ਹਾਂ ਨੇ ਕਦੇ ਵੀ ਕੋਈ ਚੁਣਿਆ ਹੋਇਆ ਜਾਂ ਰਸਮੀ ਸਰਕਾਰੀ ਅਹੁਦਾ ਨਹੀਂ ਸੰਭਾਲਿਆ ਹੈ।
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਕਹਿ ਚੁੱਕੇ ਸਨ ਕਿ ਇਰਾਨ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਨਵਾਂ ਸੁਪਰੀਮ ਲੀਡਰ ਨਾ ਚੁਣੇ। ਇਸ ਦੇ ਨਾਲ ਹੀ ਇਜ਼ਰਾਈਲ ਨੇ ਧਮਕੀ ਦਿੱਤੀ ਸੀ ਕਿ ਉਹ ਖਾਮੇਨੇਈ ਦੇ ਉਤਰਾਧਿਕਾਰੀ ਨੂੰ ਵੀ ਖ਼ਤਮ ਕਰ ਦੇਣਗੇ।
35 ਸਾਲਾਂ ਤੋਂ ਇਰਾਨ ਦੀ ਸਰਵਉੱਚ ਸੱਤਾ ‘ਤੇ ਕਾਬਜ਼ ਸਨ ਅਲੀ ਖਾਮੇਨੇਈ
ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਦੇ ਹਮਲੇ ਵਿੱਚ ਮੌਤ ਹੋ ਗਈ ਸੀ। ਅਯਾਤੁੱਲਾ 1989 ਵਿੱਚ ਰੂਹੁੱਲਾ ਖੁਮੈਨੀ ਦੇ ਦੇਹਾਂਤ ਤੋਂ ਬਾਅਦ ਇਰਾਨ ਦੇ ਸਰਵਉੱਚ ਨੇਤਾ ਦੇ ਅਹੁਦੇ ’ਤੇ ਕਾਬਜ਼ ਸਨ। ਇਰਾਨ ਵਿੱਚ 1979 ਦੀ ਇਸਲਾਮਿਕ ਕ੍ਰਾਂਤੀ ਦੌਰਾਨ, ਜਦੋਂ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਨੂੰ ਹਟਾਇਆ ਗਿਆ ਸੀ, ਤਾਂ ਖਾਮੇਨੇਈ ਨੇ ਕ੍ਰਾਂਤੀ ਵਿੱਚ ਵੱਡੀ ਭੂਮਿਕਾ ਨਿਭਾਈ ਸੀ।
ਇਸਲਾਮਿਕ ਕ੍ਰਾਂਤੀ ਤੋਂ ਬਾਅਦ ਖਾਮੇਨੇਈ ਨੂੰ 1981 ਵਿੱਚ ਰਾਸ਼ਟਰਪਤੀ ਬਣਾਇਆ ਗਿਆ ਸੀ ਅਤੇ ਉਹ 8 ਸਾਲ ਇਸ ਅਹੁਦੇ ’ਤੇ ਰਹੇ। 1989 ਵਿੱਚ ਇਰਾਨ ਦੇ ਸੁਪਰੀਮ ਲੀਡਰ ਖੁਮੈਨੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਉਤਰਾਧਿਕਾਰੀ ਬਣਾਇਆ ਗਿਆ ਸੀ। ਰਿਪੋਰਟਾਂ ਅਨੁਸਾਰ ‘ਅਯਾਤੁੱਲਾ’ ਧਰਮ ਗੁਰੂ ਦੀ ਇੱਕ ਪਦਵੀ ਹੈ।
ਇਰਾਨ ਦੇ ਇਸਲਾਮਿਕ ਕਾਨੂੰਨ ਅਨੁਸਾਰ, ਸੁਪਰੀਮ ਲੀਡਰ ਬਣਨ ਲਈ ਅਯਾਤੁੱਲਾ ਹੋਣਾ ਲਾਜ਼ਮੀ ਹੈ, ਜਿਸਦਾ ਮਤਲਬ ਹੈ ਕਿ ਸੁਪਰੀਮ ਲੀਡਰ ਦਾ ਅਹੁਦਾ ਸਿਰਫ ਇੱਕ ਧਾਰਮਿਕ ਨੇਤਾ ਨੂੰ ਹੀ ਮਿਲ ਸਕਦਾ ਹੈ।

