Punjab

ਮੋਹਿੰਦਰ ਭਗਤ ਨੇ ਚੁੱਕੀ ਸਹੁੰ! ਜਲਦ ਬਣਾਏ ਜਾ ਸਕਦੇ ਕੈਬਨਿਟ ਮੰਤਰੀ

ਬਿਉਰੋ ਰਿਪੋਰਟ: ਜਲੰਧਰ ਪੱਛਮੀ ਸੀਟ ਤੋਂ ਵਿਧਾਨ ਸਭਾ ਜ਼ਿਮਨੀ ਚੋਣ ਜਿੱਤਣ ਵਾਲੇ ਮੋਹਿੰਦਰ ਭਗਤ ਨੇ ਅੱਜ ਚੰਡੀਗੜ੍ਹ ਪਹੁੰਚ ਕੇ ਪੰਜਾਬ ਸਰਕਾਰ ਵੱਲੋਂ ਵਿਧਾਇਕ ਵਜੋਂ ਸਹੁੰ ਚੁੱਕੀ। ਅੱਜ ਬੁੱਧਵਾਰ ਨੂੰ ਉਹ ਚੰਡੀਗੜ੍ਹ ਪੁੱਜੇ ਅਤੇ ਸਹੁੰ ਚੁੱਕੀ। ਸਰਕਾਰ ਨੇ ਇਸ ਲਈ ਗਵਰਨਰ ਹਾਊਸ ਤੋਂ ਸਮਾਂ ਮੰਗਿਆ ਸੀ, ਇਸ ਲਈ ਉਨ੍ਹਾਂ ਨੂੰ ਅੱਜ ਦਾ ਸਮਾਂ ਦਿੱਤਾ ਗਿਆ। ਸਹੁੰ ਚੁੱਕਣ ਤੋਂ ਪਹਿਲਾਂ ਮੋਹਿੰਦਰ ਭਗਤ ਨੇ ਪਰਿਵਾਰ ਸਮੇਤ ਸੀਐਮ ਮਾਨ ਨਾਲ ਮੁਲਾਕਾਤ ਕੀਤੀ ਸੀ।

ਰਿਪੋਰਟਾਂ ਮੁਤਾਬਕ ਜਲਦੀ ਹੀ ਮੋਹਿੰਦਰ ਭਗਤ ਨੂੰ ਮੰਤਰੀ ਬਣਾਇਆ ਜਾਵੇਗਾ। ਕੁਝ ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਕਿ ਮੋਹਿੰਦਰ ਭਗਤ ਨੂੰ ਖੇਡ ਮੰਤਰੀ ਬਣਾਇਆ ਜਾ ਸਕਦਾ ਹੈ। ਕਿਉਂਕਿ ਖੇਡ ਮੰਤਰੀ ਗੁਰਮੀਤ ਮੀਤ ਹੇਅਰ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਥਾਂ ਕੋਈ ਨਵਾਂ ਮੰਤਰੀ ਨਹੀਂ ਬਣਾਇਆ ਗਿਆ। ਇਸੇ ਲਈ ਕਿਆਸ ਲਾਏ ਜਾ ਰਹੇ ਹਨ ਕਿ ਹੁਣ ਮੋਹਿੰਦਰ ਭਗਤ ਨੂੰ ਖੇਡ ਮੰਤਰੀ ਬਣਾਇਆ ਜਾ ਸਕਦਾ ਹੈ।

ਇਸ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਸ ਹਲਕੇ ਤੋਂ ਮੋਹਿੰਦਰ ਭਗਤ ਨੇ ਚੋਣ ਜਿੱਤੀ ਹੈ, ਉਸ ਨੂੰ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਸਪੋਰਟਸ ਹੱਬ ਮੰਨਿਆ ਜਾਂਦਾ ਹੈ। ਸਭ ਤੋਂ ਵੱਡੀ ਖੇਡ ਮੰਡੀ ਅਤੇ ਫੈਕਟਰੀਆਂ ਜਲੰਧਰ ਪੱਛਮੀ ਹਲਕੇ ਵਿੱਚ ਹੀ ਹਨ। ਅਜਿਹੇ ਵਿੱਚ ਸਰਕਾਰ ਜਲੰਧਰ ਤੋਂ ਹੀ ਖੇਡ ਮੰਤਰੀ ਬਣਾਉਣਾ ਚਾਹੁੰਦੀ ਸੀ। ਇਸੇ ਕੁਰਸੀ ਲਈ ਮੋਹਿੰਦਰ ਭਗਤ ਤੋਂ ਮਜ਼ਬੂਤ ​​ਕੋਈ ਉਮੀਦਵਾਰ ਨਹੀਂ ਹੋ ਸਕਦਾ ਸੀ।