India

ਓਡੀਸ਼ਾ ’ਚ ਬਣੀ BJP ਦੀ ਸਰਕਾਰ! ਮੋਹਨ ਮਾਂਝੀ ਬਣੇ 15ਵੇਂ ਮੁੱਖ ਮੰਤਰੀ, 2 ਉਪ ਮੁੱਖ ਮੰਤਰੀਆਂ ਸਣੇ 13 ਮੰਤਰੀਆਂ ਨੇ ਵੀ ਚੁੱਕੀ ਸਹੁੰ

ਓਡੀਸ਼ਾ ਵਿੱਚ ਪਹਿਲੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ। 52 ਸਾਲਾ ਮੋਹਨ ਚਰਨ ਮਾਂਝੀ ਨੇ ਬੁੱਧਵਾਰ ਨੂੰ ਸੂਬੇ ਦੇ 15ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਦੇ ਨਾਲ ਦੋ ਉਪ ਮੁੱਖ ਮੰਤਰੀ ਕਨਕ ਵਰਧਨ ਸਿੰਘਦੇਵ (67) ਅਤੇ ਪ੍ਰਭਾਵਤੀ ਪਰੀਦਾ (57) ਨੇ ਵੀ ਸਹੁੰ ਚੁੱਕੀ।

ਮਾਂਝੀ ਮੰਤਰੀ ਮੰਡਲ ਵਿੱਚ 13 ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ। ਇਨ੍ਹਾਂ ਵਿੱਚ ਸੁਰੇਸ਼ ਪੁਜਾਰੀ, ਰਬੀਨਾਰਾਇਣ ਨਾਇਕ, ਨਿਤਿਆਨੰਦ ਗੋਂਡ, ਕ੍ਰਿਸ਼ਨ ਚੰਦਰ ਪਾਤਰਾ, ਪ੍ਰਿਥਵੀਰਾਜ ਹਰੀਚੰਦਨ, ਮੁਕੇਸ਼ ਮਹਾਲਿੰਗਾ, ਬਿਭੂਤੀ ਭੂਸ਼ਣ ਜੇਨਾ, ਕ੍ਰਿਸ਼ਨ ਚੰਦਰ ਮਹਾਪਾਤਰਾ, ਗਣੇਸ਼ ਰਾਮ ਸਿੰਘ ਖੁੰਟੀਆ, ਸੂਰਿਆਵੰਸ਼ੀ ਸੂਰਜ, ਪ੍ਰਦੀਪ ਬਲਸਾਮੰਤਾ, ਗੋਕੁਲਾ ਨੰਦ ਮਲਿਕ ਅਤੇ ਸੰਪਦ ਕੁਮਾਰ ਸਵੈਨ ਸ਼ਾਮਲ ਹਨ।

ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ, ਜੇਪੀ ਨੱਡਾ, ਅਮਿਤ ਸ਼ਾਹ, ਉੱਤਰ ਪ੍ਰਦੇਸ਼, ਗੁਜਰਾਤ, ਛੱਤੀਸਗੜ੍ਹ, ਮੱਧ ਪ੍ਰਦੇਸ਼, ਅਸਾਮ, ਹਰਿਆਣਾ, ਗੋਆ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਵੀ ਮੌਜੂਦ ਸਨ।

ਪਹਿਲੀ ਵਾਰ ਭਾਜਪਾ ਨੇ ਓਡੀਸ਼ਾ ਵਿਧਾਨ ਸਭਾ ਚੋਣਾਂ ਵਿਚ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ। ਸੂਬੇ ਦੀਆਂ 147 ਸੀਟਾਂ ਵਿੱਚੋਂ ਭਾਜਪਾ ਨੂੰ 78 ਸੀਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਨਵੀਨ ਪਟਨਾਇਕ ਦੇ ਬੀਜੂ ਜਨਤਾ ਦਲ (ਬੀਜੇਡੀ) ਨੇ 51, ਕਾਂਗਰਸ ਨੇ 14, ਸੀਪੀਆਈ (ਐਮ) ਨੇ 1 ਅਤੇ ਹੋਰਾਂ ਨੇ 3 ਸੀਟਾਂ ਜਿੱਤੀਆਂ ਹਨ।

ਲੋਕ ਸਭਾ ਚੋਣਾਂ ਵਿੱਚ ਵੀ ਪਹਿਲੀ ਵਾਰ ਇੱਥੇ ਭਾਜਪਾ ਨੇ ਵੱਡੀ ਜਿੱਤ ਦਰਜ ਕੀਤੀ ਹੈ। ਸੂਬੇ ਦੀਆਂ 21 ਸੀਟਾਂ ਵਿੱਚੋਂ ਭਾਜਪਾ ਨੂੰ 20 ਤੇ ਕਾਂਗਰਸ ਨੂੰ ਇੱਕ ਸੀਟ ਮਿਲੀ ਹੈ। ਬੀਜੇਡੀ ਅਤੇ ਹੋਰ ਪਾਰਟੀਆਂ ਨੂੰ ਇੱਕ ਵੀ ਸੀਟ ਨਹੀਂ ਮਿਲੀ। 2019 ਵਿੱਚ, ਭਾਜਪਾ ਨੇ 8 ਸੀਟਾਂ ਜਿੱਤੀਆਂ, ਬੀਜੇਡੀ ਨੇ 12 ਅਤੇ ਕਾਂਗਰਸ ਨੇ ਇੱਕ ਸੀਟ ਜਿੱਤੀ। ਭਾਵ ਭਾਜਪਾ ਨੂੰ ਇਸ ਵਾਰ 12 ਸੀਟਾਂ ਦਾ ਫਾਇਦਾ ਹੋਇਆ ਹੈ।