‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਭਲਕੇ ਆਜ਼ਾਦੀ ਦਿਹਾੜੇ ਮੌਕੇ 75 ‘ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨਗੇ। ਜਾਣਕਾਰੀ ਅਨੁਸਾਰ ਪੰਜਾਬ ਵਿਚ 75 ‘ਆਮ ਆਦਮੀ ਕਲੀਨਿਕ’ ਤਿਆਰ ਹੋ ਗਏ ਹਨ। ਕਲੀਨਿਕਾਂ ਵਿਚ 41 ਤਰ੍ਹਾਂ ਦੇ ਟੈਸਟ ਦੀ ਸਹੂਲਤ ਉਪਲਬਧ ਹੋਵੇਗੀ ਅਤੇ 75 ਤਰ੍ਹਾਂ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫ਼ਤ ਮਿਲਣਗੀਆਂ। ਰੋਜ਼ਾਨਾ 8 ਵਜੇ ਤੋਂ 2 ਵਜੇ ਤੱਕ ਇਹ ਕਲੀਨਿਕ ਖੁੱਲ੍ਹਣਗੇ।
ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਅਸੀਂ ਪੰਜਾਬੀਆਂ ਨੂੰ ਇੱਕ ਵੱਡੀ ਗਾਰੰਟੀ ਦਿੱਤੀ ਸੀ ਕਿ ਹਰ ਪਿੰਡ ਵਿੱਚ ਇੱਕ ਆਮ ਆਦਮੀ ਕਲੀਨਿਕ ਖੋਲ੍ਹਾਂਗੇ… ਇਹ ਗਾਰੰਟੀ ਵੀ ਬਸ ਕੁਝ ਘੰਟਿਆਂ ਵਿੱਚ ਪੂਰੀ ਹੋਣ ਜਾ ਰਹੀ ਹੈ… ਪੰਜਾਬ ਵਿੱਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਹੋ ਚੁੱਕੀ ਹੈ…ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ…!
ਉਨ੍ਹਾਂ ਨੂੰ ਪਾਰਟੀ ਨਾਲ ਜੋੜਦਿਆਂ ਉਨ੍ਹਾਂ ਦਾ ਨਾਂ ‘ਆਮ ਆਦਮੀ ਕਲੀਨਿਕ’ ਰੱਖਿਆ ਗਿਆ ਹੈ। ਪੰਜਾਬ ਦੀ ‘ਆਪ’ ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ‘ਚ ਲੋਕਾਂ ਨੂੰ ਘਰ ਨੇੜੇ ਇਲਾਜ ਦੀਆਂ ਬਿਹਤਰ ਸਹੂਲਤਾਂ ਮਿਲਣਗੀਆਂ।
ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿੱਚ ਵਾਅਦਾ ਕੀਤਾ ਸੀ ਕਿ ਦਿੱਲੀ ਦੀ ਤਰਜ਼ ’ਤੇ ਪੰਜਾਬ ਵਿੱਚ ਵੀ ਮੁਹੱਲਾ ਕਲੀਨਿਕ ਬਣਾਏ ਜਾਣਗੇ। ਸ਼ਹਿਰਾਂ ਵਿੱਚ ਵਾਰਡ ਕਲੀਨਿਕ ਅਤੇ ਪਿੰਡਾਂ ਵਿੱਚ ਮੁਹੱਲਾ ਕਲੀਨਿਕ ਬਣਾਏ ਜਾਣਗੇ।
ਸ਼ੁਰੂ ਵਿੱਚ ਹਰੇਕ ਵਿਧਾਨ ਸਭਾ ਹਲਕੇ ਵਿੱਚ ਇੱਕ ਮੁਹੱਲਾ ਕਲੀਨਿਕ ਦਾ ਐਲਾਨ ਕੀਤਾ ਗਿਆ ਸੀ। 15 ਅਗਸਤ ਤੋਂ ਸ਼ੁਰੂ ਕਰਨ ਕਰਕੇ ਇਸ ਵੇਲੇ 75 ਕਲੀਨਿਕ ਬਣਾਏ ਜਾ ਰਹੇ ਹਨ। ਇਹ ਅਕਾਲੀ ਸਰਕਾਰ ਦੇ ਸਮੇਂ ਬਣੇ ਸੇਵਾ ਕੇਂਦਰਾਂ ਦੀਆਂ ਖਾਲੀ ਪਈਆਂ ਇਮਾਰਤਾਂ ਵਿੱਚ ਬਣ ਰਹੇ ਹਨ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤਾ ਸੀ।
ਇਸ ਤੋਂ ਪਹਿਲਾਂ ਵੀ ਮੁੱਖ ਭਗਵੰਤ ਸਿੰਘ ਮਾਨ ਨੇ ਟਵੀਟ ਵੀ ਕੀਤਾ ਸੀ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਵਾਅਦੇ ਮੁਤਾਬਿਕ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਅਸੀਂ ਕੰਮ ਕਰ ਰਹੇ ਹਾਂ…15 ਅਗਸਤ ਨੂੰ 75ਵੇਂ ਆਜ਼ਾਦੀ ਦਿਹਾੜੇ ਮੌਕੇ 75 ‘ਆਮ ਆਦਮੀ ਕਲੀਨਿਕ’ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ… ਅਫ਼ਸਰਾਂ ਨਾਲ ‘ਆਮ ਆਦਮੀ ਕਲੀਨਿਕ’ ਲਈ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ ਅਤੇ ਜਲਦ ਹੀ ਮੈਂ ਮੌਕੇ ‘ਤੇ ਜਾ ਕੇ ਇਹਨਾਂ ਕੰਮਾਂ ਦਾ ਜਾਇਜ਼ਾ ਲਵਾਂਗਾ.।