The Khalas Tv Blog Punjab ਮੁਹਾਲੀ ‘ਚ 22 ਥਾਵਾਂ ‘ਤੇ ਖੋਲੇ ਜਾਣਗੇ ਮੁਹੱਲਾ ਕਲੀਨਿਕ , ਕਲੀਨਿਕਾਂ ਦੀ ਲਿਸਟ ਜਾਰੀ
Punjab

ਮੁਹਾਲੀ ‘ਚ 22 ਥਾਵਾਂ ‘ਤੇ ਖੋਲੇ ਜਾਣਗੇ ਮੁਹੱਲਾ ਕਲੀਨਿਕ , ਕਲੀਨਿਕਾਂ ਦੀ ਲਿਸਟ ਜਾਰੀ

Mohalla clinics will be opened at 22 places in Mohali the list of clinics continues

ਮੁਹਾਲੀ 'ਚ 22 ਥਾਵਾਂ 'ਤੇ ਖੋਲੇ ਜਾਣਗੇ ਮੁਹੱਲਾ ਕਲੀਨਿਕ , ਕਲੀਨਿਕਾਂ ਦੀ ਲਿਸਟ ਜਾਰੀ

ਮੁਹਾਲੀ : ਪੰਜਾਬ ਸਰਕਾਰ ਵੱਲੋਂ ਜਲਦੀ ਹੀ ਮੁਹਾਲੀ ਜ਼ਿਲ੍ਹੇ ਵਿੱਚ 22 ਹੋਰ ਨਵੇਂ ਆਮ ਆਦਮੀ ਕਲੀਨਿਕ (ਮੁਹੱਲਾ ਕਲੀਨਿਕ) ਸਥਾਪਤ ਕੀਤੇ ਜਾਣਗੇ। ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਨੇੜੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਇਹ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਹਨ।

ਜਾਣਕਾਰੀ ਮੁਤਾਬਿਕ ਮੁਹਾਲੀ ਦੇ ਫੇਜ਼-1, ਫੇਜ਼-3ਬੀ-1, ਫੇਜ਼-7, ਫੇਜ਼-9, ਫੇਜ਼-11, ਲਾਂਡਰਾਂ, ਪਾਪੜੀ, ਮਜਾਤ, ਚੰਦੋ, ਬੂਥਗੜ੍ਹ, ਪਲਹੇੜੀ, ਖ਼ਿਜ਼ਰਾਬਾਦ, ਪੰਡਵਾਲਾ, ਖਿਜ਼ਰਗੜ੍ਹ, ਬਸੌਲੀ, ਮੁੱਲਾਂਪੁਰ ਗਰੀਬਦਾਸ, ਸਹੌੜਾ, ਘੜੂੰਆਂ, ਮੁੰਡੀ ਖਰੜ, ਬਲਟਾਣਾ, ਪ੍ਰੀਤ ਕਲੋਨੀ ਜ਼ੀਰਕਪੁਰ ਤੇ ਨਵਾਂ ਗਾਉਂ ਵਿੱਚ ਨਵੇਂ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾਣਗੇ।

ਇੱਥੇ ਇਕ ਮੈਡੀਕਲ ਅਫ਼ਸਰ, ਫਾਰਮਾਸਿਸਟ, ਕਲੀਨੀਕਲ ਸਹਾਇਕ ਤੇ ਹੈਲਪਰ ਸਮੇਤ ਚਾਰ ਅਧਿਕਾਰੀਆਂ/ਕਰਮਚਾਰੀਆਂ ਦਾ ਸਟਾਫ਼ ਤਾਇਨਾਤ ਕੀਤਾ ਜਾਵੇਗਾ। ਇਨ੍ਹਾਂ ਥਾਵਾਂ ’ਤੇ 41 ਟੈਸਟ ਮੁਫ਼ਤ ਕੀਤੇ ਜਾਣਗੇ ਤੇ ਹੋਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਇਸ ਬਾਰੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਇਨ੍ਹਾਂ ਨਵੇਂ ਸਥਾਪਿਤ ਕੀਤੇ ਜਾਣ ਵਾਲੇ ਕਲੀਨਿਕਾਂ ਸਬੰਧੀ ਅਗਾਊਂ ਪ੍ਰਬੰਧਾਂ ਤੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਿਹਤ ਵਿਭਾਗ, ਪੀ.ਡਬਲਿਊ.ਡੀ. ਅਤੇ ਸਥਾਨਕ ਸਰਕਾਰਾਂ ਵਿਭਾਗ ਸਮੇਤ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਡੀਸੀ ਅਮਿਤ ਤਲਵਾੜ ਨੇ ਦੱਸਿਆ ਕਿ ਸਰਕਾਰ ਵੱਲੋਂ ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਪਹਿਲਾਂ ਬਣਾਏ ਗਏ ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤੇ ਹੁਣ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ 22 ਹੋਰ ਨਵੇਂ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਮੌਜੂਦਾ ਸਿਹਤ ਸਹੂਲਤਾਂ ਪਹਿਲਾਂ ਵਾਂਗ ਚੱਲਦੀਆਂ ਰਹਿਣਗੀਆਂ।

ਇਸ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਆਪਸੀ ਤਾਲਮੇਲ ਕਰਕੇ 31 ਦਸੰਬਰ ਤੱਕ ਇਹ ਕੰਮ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਹਨ। ਡੀਸੀ ਨੇ ਸਮੂਹ ਐਸਡੀਐਮਜ਼, ਪੀ.ਡਬਲਿਊ.ਡੀ. ਵਿਭਾਗ ਦੇ ਐਕਸੀਅਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿੱਜੀ ਤੌਰ ’ਤੇ ਪ੍ਰਾਇਮਰੀ ਹੈਲਥ ਸੈਂਟਰਾਂ ਦਾ ਦੌਰਾ ਕਰ ਕੇ ਉੱਥੇ ਵੱਖਰੇ ਤੌਰ ’ਤੇ ਨਵੇਂ ਆਮ ਆਦਮੀ ਕਲੀਨਿਕ ਬਣਾਉਣ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਗਈ ਹੈ।

Exit mobile version