Punjab

ਕੁੰਭੜਾ ਕਾਂਡ- ਦਿਲਪ੍ਰੀਤ ਦਾ ਵੀ ਹੋਇਆ ਅੰਤਿਮ ਸਸਕਾਰ! ਪਰਿਵਾਰ ਨੇ ਸਿਹਰਾ ਬੰਨ੍ਹ ਕੇ ਕੀਤਾ ਵਿਦਾ, ਪ੍ਰਸ਼ਾਸਨ ਵੱਲੋਂ 2 ਲੱਖ ਦਾ ਚੈੱਕ

ਬਿਉਰੋ ਰਿਪੋਰਟ: ਮੁਹਾਲੀ ਦੇ ਕੁੰਭੜਾ ਦੇ ਰਹਿਣ ਵਾਲੇ ਦਿਲਪ੍ਰੀਤ ਦਾ ਅੱਜ ਸਖ਼ਤ ਸੁਰੱਖਿਆ ਹੇਠ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਦਿਲਪ੍ਰੀਤ ਦੀ ਮ੍ਰਿਤਕ ਦੇਹ ਕੁੰਭੜਾ ਸਥਿਤ ਘਰ ਲਿਆਂਦੀ ਗਈ ਸੀ। ਜਿੱਥੇ ਪਰਿਵਾਰ ਵਾਲਿਆਂ ਨੇ ਉਸ ਦੇ ਸਿਰ ’ਤੇ ਸਿਹਰਾ ਬੰਨ੍ਹ ਕੇ ਅੰਤਿਮ ਵਿਦਾਇਗੀ ਦਿੱਤੀ। ਘਟਨਾ ਤੋਂ ਬਾਅਦ ਬੀਤੇ ਦਿਨ ਵੀਰਵਾਰ ਨੂੰ ਜ਼ਖ਼ਮੀ ਦਿਲਪ੍ਰੀਤ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪਿੰਡ ਦੀ ਸੁਰੱਖਿਆ ਵਧਾ ਦਿੱਤੀ ਗਈ। ਸ਼ੁੱਕਰਵਾਰ ਸਵੇਰੇ ਪੀਜੀਆਈ ਵਿੱਚ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਮੁਹਾਲੀ ਲਿਆਂਦਾ ਗਿਆ।

ਅੱਜ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਪਰਿਵਾਰਕ ਮੈਂਬਰਾਂ ਨੂੰ 2 ਲੱਖ ਰੁਪਏ ਦਾ ਚੈੱਕ ਸੌਂਪਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਸ ਦਾ ਕੇਸ ਤਿਆਰ ਕਰਕੇ ਰੈੱਡ ਕਰਾਸ ਸੁਸਾਇਟੀ ਨੂੰ ਭੇਜ ਦਿੱਤਾ ਗਿਆ ਹੈ। ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

8 ਲੱਖ ਰੁਪਏ ਦਾ ਕੇਸ ਕੀਤਾ ਤਿਆਰ

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਅਨੁਸੂਚਿਤ ਜਾਤੀ ਨਾਲ ਸਬੰਧਿਤ ਸੀ। ਰੈੱਡ ਕਰਾਸ ਵੱਲੋਂ ਪਰਿਵਾਰ ਨੂੰ 2 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ ਹੈ। ਵਿਵਸਥਾਵਾਂ ਮੁਤਾਬਕ ਪਰਿਵਾਰ ਨੂੰ 8 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾ ਸਕਦਾ ਹੈ। ਇਸ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਸ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅੱਧੀ ਰਕਮ ਜਾਰੀ ਕੀਤੀ ਜਾਵੇਗੀ। ਜਦਕਿ ਬਾਕੀ ਅੱਧੀ ਰਕਮ ਕੇਸ ਦਾ ਚਲਾਨ ਪੇਸ਼ ਹੋਣ ’ਤੇ ਜਾਰੀ ਕਰ ਦਿੱਤੀ ਜਾਵੇਗੀ।

ਯਾਦ ਰਹੇ ਕੁੰਭੜਾ ਵਿੱਚ ਹੀ ਦਿਲਪ੍ਰੀਤ ਅਤੇ ਉਸਦੇ ਦੋਸਤ ’ਤੇ ਪ੍ਰਵਾਸੀ ਮੁੰਡਿਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਲੜਕੇ ਦਮਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਜਦਕਿ ਦਿਲਪ੍ਰੀਤ ਨੂੰ ਇਲਾਜ ਲਈ PGI ਰੈਫਰ ਕੀਤਾ ਗਿਆ ਸੀ। ਹੁਣ ਤੱਕ ਪੁਲਿਸ ਇਸ ਮਾਮਲੇ ਵਿੱਚ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

ਪੂਰਾ ਮਾਮਲਾ – ਸਾਈਕਲ ਪਾਰਕਿੰਗ ਨੂੰ ਲੈ ਕੇ ਹੋਇਆ ਸੀ ਝਗੜਾ

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਸਾਰਾ ਝਗੜਾ ਸਾਈਕਲ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਸੀ। ਪਾਰਕਿੰਗ ਨੂੰ ਲੈ ਕੇ ਪ੍ਰਵਾਸੀ ਨੌਜਵਾਨ ਆਕਾਸ਼ ਦਾ ਦਮਨ ਨਾਲ ਝਗੜਾ ਹੋ ਗਿਆ। ਆਕਾਸ਼ ਨੇ ਉਸ ਨਾਲ ਬਦਸਲੂਕੀ ਕੀਤੀ। ਜਿਸ ’ਤੇ ਦਮਨ ਅਤੇ ਦਿਲਪ੍ਰੀਤ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ। ਕੁਝ ਸਮੇਂ ਬਾਅਦ ਆਕਾਸ਼ ਆਪਣੇ ਦੋਸਤਾਂ ਨਾਲ ਆਇਆ। ਉਨ੍ਹਾਂ ਨੇ ਦਮਨ ਅਤੇ ਦਿਲਪ੍ਰੀਤ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਦਮਨ ਦੀ ਪਹਿਲਾਂ ਹੀ ਮੌਤ ਹੋ ਗਈ ਜਦਕਿ ਦਿਲਪ੍ਰੀਤ ਨੇ PGI ਚੰਡੀਗੜ੍ਹ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।