ਦਿੱਲੀ : BCCI ਨੇ ਬੰਗਲਾਦੇਸ਼ ਦੌਰੇ ਲਈ ਭਾਰਤ ਦੀ ਸੀਨੀਅਰ ਮਹਿਲਾ ਟੀ-20 ਟੀਮ ਦਾ ਐਲਾਨ ਕਰ ਦਿੱਤਾ ਹੈ। ਜਿਸ ਵਿੱਚ ਮੁਹਾਲੀ ਦੀ ਅਮਨਜੋਤ ਕੌਰ ਦਾ ਵੀ ਨਾਂ ਸ਼ਾਮਲ ਹੈ। ਭਾਰਤੀ ਮਹਿਲਾ ਸੀਨੀਅਰ ਕ੍ਰਿਕੇਟ ਟੀਮ ਬੰਗਲਾਦੇਸ਼ ਦੇ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। 28 ਅਪ੍ਰੈਲ ਨੂੰ ਪਹਿਲਾ ਟੀ-20 ਮੈਚ ਖੇਡਿਆ ਜਾਵੇਗਾ।
ਅਮਨਜੋਤ ਕੌਰ ਮੋਹਾਲੀ ਫੇਜ਼-5 ਦੀ ਰਹਿਣ ਵਾਲੀ ਹੈ। ਪਿਛਲੇ ਲੰਮੇ ਸਮੇਂ ਤੋਂ ਉਹ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਇੱਕ ਵਾਰ ਫਿਰ ਭਾਰਤੀ ਮਹਿਲਾ ਟੀਮ ਦਾ ਹਿੱਸਾ ਬਣਨ ਤੋਂ ਬਾਅਦ ਅਮਨਜੋਤ ਕੌਰ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਦੌਰਾਨ ਉਸ ਦੇ ਕੋਚ ਨਾਗੇਸ਼ ਗੁਪਤਾ ਨੇ ਉਮੀਦ ਜਤਾਈ ਕਿ ਉਹ ਬੰਗਲਾਦੇਸ਼ ਖ਼ਿਲਾਫ਼ ਬਿਹਤਰ ਪ੍ਰਦਰਸ਼ਨ ਕਰੇਗੀ।
ਤਰਖਾਣ ਦਾ ਕੰਮ ਕਰਦੇ ਹਨ ਅਮਨਜੋਤ ਦੇ ਪਿਤਾ
ਅਮਨਜੋਤ ਕੌਰ ਦਾ ਪਿਤਾ ਭੁਪਿੰਦਰ ਸਿੰਘ ਤਰਖਾਣ ਦਾ ਕੰਮ ਕਰਦੇ ਹਨ। ਮੁਹਾਲੀ ਨੇੜੇ ਬਲੌਂਗੀ ਵਿਚ ਉਨ੍ਹਾਂ ਦੀ ਦੁਕਾਨ ਹੈ। ਧੀ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਪਿਤਾ ਨੇ ਬਹੁਤ ਮਿਹਨਤ ਕੀਤੀ ਹੈ।
ਦੱਸਿਆ ਜਾਂਦਾ ਹੈ ਕਿ ਹਰ ਰੋਜ਼ ਉਹ ਆਪਣੀ ਦੀ ਨੂੰ ਆਪਣੇ ਸਾਈਕਲ ’ਤੇ ਆਪਣੀ ਰਿਹਾਇਸ਼ ਤੋਂ ਸੈਕਟਰ-26 ਸਥਿਤ ਕ੍ਰਿਕੇਟ ਅਕੈਡਮੀ ‘ਚ ਸਿਖਲਾਈ ਲਈ ਲੈ ਕੇ ਜਾਂਦੇ ਸਨ। ਅਮਨਜੋਤ ਕੌਰ ਦਾ ਕਹਿਣਾ ਹੈ ਕਿ ਉਸ ਦੀ ਬਿਹਤਕ ਸਿਖਲਾਈ ਵਾਸਤੇ ਉਸ ਦੇ ਪਿਤਾ ਨੇ ਕਈ ਵਾਰ ਆਪਣੀਆਂ ਦਿਹਾੜੀਆਂ ਛੱਡੀਆਂ ਹਨ।