ਬਿਊਰੋ ਰਿਪੋਰਟ : ਅੱਜ ਤੁਹਾਨੂੰ ਅਸੀਂ ਪੰਜਾਬ ਦੇ ਉਸ ਦਲੇਰ ਅਨੂਪ ਬਾਰੇ ਦੱਸ ਦੇ ਹਾਂ ਜੋ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ । ਇਹ ਮੋਹਾਲੀ ਵਿੱਚ ਡਿਲੀਵਰੀ ਦਾ ਕੰਮ ਕਰਨ ਵਾਲਾ ਨੌਜਵਾਨ ਹੈ,ਠੰਢੀ ਰਾਤਾਂ ਵਿੱਚ ਵੀ ਮਿਹਨਤ ਦੇ ਨਾਲ ਲੋਕਾਂ ਦੇ ਘਰਾਂ ਤੱਕ ਸਮਾਨ ਪਹੁੰਚਾਉਂਦਾ ਹੈ ਤਾਂਕੀ ਉਸ ਦੇ ਚੁੱਲੇ ਦੀ ਅੱਗ ਬਲ ਸਕੇ । ਪਰ ਕੁਝ ਲੋਕ ਜਿਹੜੇ ਸ਼ਾਰਟ ਕੱਟ ਤਰੀਕੇ ਨਾਲ ਕਮਾਈ ਕਰਨਾ ਚਾਉਂਦੇ ਹਨ ਉਨ੍ਹਾ ਨੇ ਅਨੂਪ ਨੂੰ ਆਪਣੀ ਮਾੜੀ ਨੀਅਤ ਦਾ ਸ਼ਿਕਾਰ ਬਣਾਇਆ ਹੈ । ਉਸ ਤੋਂ ਪੈਸਾ ਲੁੱਟਣ ਦੇ ਲਈ 11 ਵਾਰ ਉਸ ‘ਤੇ ਚਾਕੂਆਂ ਨਾਲ ਵਾਰ ਕੀਤਾ ਗਿਆ ਜਿਸ ਦੀ ਵਜ੍ਹਾ ਕਰਕੇ ਉਹ ਚੰਡੀਗੜ੍ਹ ਦੇ PGI ਵਿੱਚ ਜਿੰਦਗੀ ਦੀ ਜੰਗ ਲੜ ਰਿਹਾ ਹੈ ।
ਇਸ ਤਰ੍ਹਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ
ਐਤਵਾਰ ਦੀ ਰਾਤ ਨੂੰ ਮੋਹਾਲੀ ਵਿੱਚ ਜੋਮੈਟੋ ਦੇ ਲਈ ਡਿਲੀਵਰੀ ਦਾ ਕੰਮ ਕਰਨ ਵਾਲੇ ਅਨੂਪ ਨੂੰ ਰਾਤ 2 ਵਜੇ ਬਲੋਂਗੀ ਥਾਣੇ ਦੇ ਆਲੇ-ਦੁਆਲੇ 3 ਲੁਟੇਰਿਆਂ ਨੇ ਘੇਰ ਲਿਆ । ਉਸ ਵੇਲੇ ਉਹ ਆਪਣੇ ਘਰ ਤੋਂ 500 ਤੋਂ 600 ਮੀਟਰ ਦੀ ਦੂਰੀ ‘ਤੇ ਸੀ। ਅਨੂਪ ਦੇ ਕੋਲ 8 ਤੋਂ 10 ਹਜ਼ਾਰ ਦਾ ਕੈਸ਼ ਸੀ । ਬਾਈਕ ‘ਤੇ ਸਵਾਰ ਲੁਟੇਰਿਆਂ ਨੇ ਅਨੂਪ ਨੂੰ ਰੋਕਿਆ ਫਿਰ ਉਸ ‘ਤੇ ਤਾਬੜ-ਤੋੜ ਚਾਕੂਆਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਅਨੂਪ ਦੇ ਸਰੀਰ ਦਾ ਸ਼ਾਇਦ ਦੀ ਕੋਈ ਅਜਿਹਾ ਹਿੱਸਾ ਹੋਵੇਗਾ ਜਿੱਥੇ ਲੁਟੇਰਿਆਂ ਨੇ ਵਾਰ ਨਾ ਕੀਤਾ ਹੋਵੇ ਕਿਉਂਕਿ ਦਲੇਰ ਅਨੂਪ ਕਿਸੇ ਵੀ ਸੂਰਤ ਵਿੱਚ ਲੁਟੇਰਿਆਂ ਨੂੰ ਪੈਸੇ ਦੇਣ ਨੂੰ ਤਿਆਰ ਨਹੀਂ ਸੀ । ਜ਼ਖਮੀ ਹੋਣ ਤੋਂ ਬਾਅਦ ਅਨੂਪ ਬੇਹੋਸ਼ ਹੋ ਗਿਆ ਅਤੇ ਲੁਟੇਰੇ ਪੈਸੇ ਲੈਕੇ ਫਰਾਰ ਹੋ ਗਏ । ਅੱਧਾ ਘੰਟਾ ਖੂਨ ਨਾਲ ਬੇਸੁੱਦ ਅਨੂਪ ਉਸੇ ਥਾਂ ‘ਤੇ ਪਿਆ ਰਿਹਾ । ਫਿਰ ਉਸ ਨੂੰ ਹੋਸ਼ ਆਈ ਅਤੇ ਉਹ ਆਪ ਬਾਈਕ ‘ਤੇ ਸਵਾਰ ਹੋ ਕੇ ਕਿਸੇ ਤਰ੍ਹਾਂ ਘਰ ਪਹੁੰਚਿਆ। ਅਨੂਪ ਦਾ ਪਰਿਵਾਰ ਉਸ ਦੀ ਹਾਲਤ ਵੇਖ ਕੇ ਡਰ ਗਿਆ ਅਤੇ ਫੌਰਨ ਉਸ ਨੂੰ ਚੰਡੀਗੜ੍ਹ ਦੇ PGI ਲੈ ਗਿਆ ਜਿੱਥੇ ਉਹ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ।
ਸਰੀਰ ਦੇ ਇਸ ਹਿੱਸੇ ਵਿੱਚ ਚਾਕੂ ਨਾਲ ਵਾਰ
ਲੁਟੇਰਿਆਂ ਨੇ ਅਨੂਪ ‘ਤੇ 11 ਵਾਰ ਚਾਕੂਆਂ ਨਾਲ ਵਾਰ ਕੀਤਾ । ਉਸ ਦੇ ਪੇਟ, ਨੱਕ,ਕਮਰ,ਛਾਤੀ,ਪੱਟ ‘ਤੇ ਇੱਕ ਤੋਂ ਬਾਅਦ ਇੱਕ ਵਾਰ ਲੁਟੇਰੇ ਕਰਦੇ ਰਹੇ । 2 ਤੋਂ 3 ਥਾਵਾਂ ‘ਤੇ ਅਨੂਪ ਨੂੰ ਲੁਟੇਰਿਆਂ ਨੇ ਚਾਕੂ ਨਾਲ ਅਜਿਹੇ ਗਹਿਰੇ ਜ਼ਖਮ ਦਿੱਤੇ ਹਨ ਕਿ ਉਸ ਦੀ ਹਾਲਤ ਨੂੰ ਲੈਕੇ ਡਾਕਟਰ ਪਰੇਸ਼ਾਨ ਹਨ । ਚਾਕੂਆਂ ਦੇ ਵਾਰ ਨਾਲ ਅਨੂਪ ਦੇ ਫੇਫੜੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ । ਉਸ ਦਾ PGI ਵਿੱਚ ਇਲਾਜ ਚੱਲ ਰਿਹਾ ਹੈ । ਅਨੂਪ ਦੇ ਭਰਾ ਨੇ ਦੱਸਿਆ ਕਿ PGI ਨੇ ਇਸ ਨੂੰ ਲੀਗਲ ਕੇਸ ਬਣਾ ਦਿੱਤਾ ਹੈ ।
ਕੋਈ ਰੰਜਿਸ਼ ਨਹੀਂ ਸੀ
ਅਨੂਪ ਦੇ ਦੋਸਤ ਅਰਵਿੰਦ ਨੇ ਦੱਸਿਆ ਕਿ ਉਹ ਵੀ ਜੋਮੈਟੋ ਵਿੱਚ ਡਿਲੀਵਰੀ ਦਾ ਕੰਮ ਕਰਦਾ ਹੈ। ਅਨੂਪ ਸ਼ਾਂਤ ਨੌਜਵਾਨ ਹੈ । ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਪਿਛਲੇ ਚਾਰ ਸਾਲ ਤੋਂ ਉਹ ਕੰਮ ਵਿੱਚ ਲੱਗਿਆ ਸੀ । ਅਨੂਪ ਦੇ ਦੋਸਤ ਨੇ ਦੱਸਿਆ ਕਿ ਡੱਡੂਮਾਜਰਾ ਦੇ ਪਿੱਛੇ ਦਾ ਇਲਾਕਾ ਕਾਫੀ ਨਾਜੁਕ ਹੈ । ਅਜਿਹੇ ਵਿੱਚ ਇੱਥੇ ਰਾਤ ਨੂੰ ਡਿਲੀਵਰੀ ਕਰਨਾ ਖਤਰਨਾਕ ਹੈ । ਕੰਪਨੀ ਨੂੰ ਵੀ ਕਈ ਵਾਰ ਕਿਹਾ ਹੈ ਕਿ ਉਹ ਰਾਤ ਨੂੰ ਇਸ ਇਲਾਕੇ ਵਿੱਚ ਸਮਾਨ ਦੀ ਡਿਲੀਵਰੀ ਨਾ ਕਰਵਾਉਣ ਪਰ ਕੋਈ ਸੁਣਵਾਈ ਨਹੀਂ ਹੈ । ਡਿਲੀਵਰੀ ਕਰਨ ਵਾਲੇ ਕੋਲ ਕੈਸ਼ ਵੀ ਹੁੰਦਾ ਹੈ। ਲੁਟੇਰੇ ਅਕਸਰ ਰੇਕੀ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹਨ ।
ਪੁਲਿਸ ਨੂੰ ਸੁਰੱਖਿਆ ਵਿੱਚ ਤਾਇਨਾਤ ਰਹਿਣਾ ਚਾਹੀਦਾ ਹੈ
ਟ੍ਰਾਈਸਿਟੀ ਰਾਇਡਰਸ ਵੈਲਫੇਅਰ ਸੋਸਾਇਟੀ ਨੇ ਮੰਗ ਕੀਤੀ ਹੈ ਕਿ ਪੁਲਿਸ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਰਾਤ ਨੂੰ ਫੂਡ ਦੀ ਡਿਲੀਵਰੀ ਕਰਨ ਵਾਲੇ ਰਾਇਡਰ ਦੀ ਸੁਰੱਖਿਆ ਵੱਲ ਧਿਆਨ ਦੇਵੇ । ਰਾਤ ਵੇਲੇ ਲੱਗਾਤਾਰ ਹੋ ਰਹੀਆਂ ਵਾਰਦਾਤਾਂ ਨਾਲ ਨਾ ਸਿਰਫ਼ ਡਿਲੀਵਰੀ ਕਰਨ ਵਾਲਿਆਂ ਦੀ ਜ਼ਿੰਦਗੀ ਖਤਰੇ ਵਿੱਚ ਹੈ ਬਲਕਿ ਕੋਈ ਆਮ ਆਦਮੀ ਕੰਮ ਤੋਂ ਪਰਤ ਰਿਹਾ ਹੋਵੇ ਉਸ ਦੀ ਜਾਨ ਵੀ ਖਤਰੇ ਵਿੱਚ ਆ ਸਕਦੀ ਹੈ ।