ਬਿਉਰੋ ਰਿਪੋਰਟ: ਜ਼ੀਰਕਪੁਰ ਦੇ ਇੱਕ ਹੋਟਲ ਦੀ ਦੂਜੀ ਮੰਜ਼ਿਲ ਤੋਂ ਡਿੱਗ ਕੇ ਦਿੱਲੀ ਤੋਂ ਚੰਡੀਗੜ੍ਹ ਆਈ ਇੱਕ ਵਿਆਹੁਤਾ ਔਰਤ ਦੀ ਮੌਤ ਹੋ ਗਈ ਹੈ। ਸੂਚਨਾ ਮਿਲਦੇ ਹੀ ਥਾਣਾ ਢਕੋਲੀ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲਿਆ ਅਤੇ ਹਸਪਤਾਲ ਪਹੁੰਚਾਇਆ। ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਥਾਣੇ ’ਚ ਪੇਸ਼ ਹੋ ਕੇ ਬਿਆਨ ਦਰਜ ਕਰਨ ਲਈ ਕਿਹਾ ਗਿਆ ਹੈ।
ਮ੍ਰਿਤਕ ਔਰਤ ਦੀ ਪਛਾਣ ਦਿੱਲੀ ਦੇ ਰਹਿਣ ਵਾਲੇ ਰਿਤਿਕ ਦੀ ਪਤਨੀ ਸ੍ਰਿਸ਼ਟੀ ਵਜੋਂ ਹੋਈ ਹੈ, ਜੋ ਹੋਟਲ ਦੇ ਕਮਰੇ ਦੀ ਬਾਲਕਨੀ ਵਿੱਚ ਬੈਠ ਕੇ ਆਰਾਮ ਕਰ ਰਹੀ ਸੀ। ਪੁਲਿਸ ਨੇ ਮ੍ਰਿਤਕ ਸ੍ਰਿਸ਼ਟੀ ਦੇ ਪਤੀ ਰਿਤਿਕ ਦੇ ਬਿਆਨ ਦਰਜ ਕਰ ਲਏ ਹਨ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਢਕੋਲੀ ਥਾਣਾ ਇੰਚਾਰਜ ਗੁਰਮੇਹਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸ੍ਰਿਸ਼ਟੀ ਆਪਣੇ ਪਤੀ ਅਤੇ ਹੋਰ ਜੋੜਿਆਂ ਨਾਲ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਘੁੰਮਣ ਆਈ ਸੀ। ਉਸ ਨੇ ਜ਼ੀਰਕਪੁਰ-ਪੰਚਕੂਲਾ ਹਾਈਵੇਅ ’ਤੇ ਸਥਿਤ ਢਕੋਲੀ ਦੇ ਅਜੀਤ ਐਨਕਲੇਵ ਸਥਿਤ ਆਰ.ਐੱਸ.ਕਿੰਗਜ਼ ਹੋਟਲ ’ਚ ਕਮਰਾ ਬੁੱਕ ਕਰਵਾਇਆ ਸੀ।
ਚੱਕਰ ਆਉਣ ਕਾਰਨ ਹਸਪਤਾਲ ਕਰਵਾਇਆ ਗਿਆ ਦਾਖ਼ਲ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ੍ਰਿਸ਼ਟੀ ਨੂੰ ਇੱਕ ਦਿਨ ਪਹਿਲਾਂ ਚੱਕਰ ਆਉਣ ਕਾਰਨ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਸ੍ਰਿਸ਼ਟੀ ਨੂੰ ਫਿਰ ਚੱਕਰ ਆਇਆ ਤਾਂ ਉਹ ਉੱਠ ਕੇ ਦੂਜੀ ਮੰਜ਼ਿਲ ’ਤੇ ਸਥਿਤ ਕਮਰੇ ਦੀ ਬਾਲਕੋਨੀ ਵਿੱਚ ਬੈਠ ਗਈ। ਇਸ ਦੌਰਾਨ ਪਤੀ ਰਿਤਿਕ ਹੋਰ ਜੋੜਿਆਂ ਨਾਲ ਰੈਸਟੋਰੈਂਟ ’ਚ ਨਾਸ਼ਤਾ ਕਰਨ ਗਿਆ ਸੀ।
ਰਿਤਿਕ ਆਪਣੀ ਪਤਨੀ ਨੂੰ ਇਹ ਕਹਿ ਕੇ ਚਲਾ ਗਿਆ ਕਿ ਤਬੀਅਤ ਠੀਕ ਹੁੰਦਿਆਂ ਹੀ ਉਹ ਹੇਠਾਂ ਆ ਜਾਵੇ ਤੇ ਉਹ ਇਕੱਠੇ ਖਾਣਾ ਖਾਣਗੇ। ਪਰ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਸ੍ਰਿਸ਼ਟੀ ਹੋਟਲ ਦੇ ਪਿੱਛੇ ਸਥਿਤ ਕਾਲੋਨੀ ਵਾਲੀ ਗਲੀ ਵਿੱਚ ਬਾਲਕਨੀ ਤੋਂ ਅਚਾਨਕ ਹੇਠਾਂ ਡਿੱਗ ਗਈ। ਜਿਵੇਂ ਹੀ ਰਿਤਿਕ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਸ੍ਰਿਸ਼ਟੀ ਨੂੰ ਮ੍ਰਿਤਕ ਐਲਾਨ ਦਿੱਤਾ।