ਮੋਹਾਲੀ : ਪੂਰਾ ਦੇਸ਼ 77ਵੇਂ ਆਜ਼ਾਦੀ ਦਿਹਾੜੇ ਦੇ ਰੰਗ ‘ਚ ਰੰਗਿਆ ਸੀ ਤਾਂ ਪੰਜਾਬ ਵਿੱਚ ਸਿੱਖਾਂ ਵਿੱਚ ਰੋਸ ਵੇਖਣ ਨੂੰ ਮਿਲਿਆ। ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਚੰਡੀਗੜ੍ਹ ਦੀ ਸਰਹੱਦ ‘ਤੇ ਚੱਲੇ ਮੋਰਚੇ ਵੱਲੋਂ 15 ਅਸਗਤ ਨੂੰ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਤਹਿਤ ਪੰਜਾਬ ਭਰ ‘ਤੇ ਲੋਕ ਮੁਹਾਲੀ ਪਹੁੰਚੇ ਅਤੇ ਰੋਸ ਮਾਰਚ ਦਾ ਹਿੱਸਾ ਬਣੇ।
ਮੋਰਚੇ ਦੀ ਮੰਗ ਸੀ ਕਿ ਜਿਹੜੇ ਸਿੰਘ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਨ ਅਤੇ ਕਈ-ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਇਸ ਤੋਂ ਇਲਾਵਾ ਰੋਸ ਮਾਰਚ ਵਿੱਚ ਪਹੁੰਚੀ ਸੰਗਤ ਨੇ ਕਿਹਾ ਕਿ ਸਰਕਾਰ ਨੇ ਕਾਨੂੰਨ ਸਿੱਖ ਲਈ ਵੱਖ ਬਣਾਏ ਹਨ। ਜਬਰ ਜਨਾਹ ਕਰਨ ਵਾਲੇ ਰਾਮ ਰਹੀਮ ਜਿਸ ਨੂੰ ਪੈਰੋਲ ‘ਤੇ ਵਾਰ ਵਾਰ ਰਿਹਾਅ ਕੀਤਾ ਜਾ ਰਿਹਾ ਹੈ ਪਰ ਸਾਡੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਗਏ ਹਨ ਪਰ ਫਿਰ ਵੀ ਸਰਕਾਰ ਸੁੱਤੀ ਪਈ ਹੈ ਜਿਸ ਨੂੰ ਜਗਾਉਣ ਲਈ ਮੁਹਾਲੀ ਇਕੱਠ ਕੀਤਾ ਗਿਆ।
ਬੰਦੀ ਸਿੰਘਾ ਦੀ ਰਿਹਾਈ ਲਈ ਕੱਢੇ ਰੋਸ ਮਾਰਚ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਈ । ਲੋਕਾਂ ਦੇ ਇੱਕਠ ਨਾਲ ਮੁਹਾਲੀ ਦੀਆਂ ਸੜਕਾਂ,ਗਲੀਆਂ ਭਰ ਗਈਆਂ,ਨੌਜਵਾਨ,ਬਜ਼ੁਰਗ,ਔਰਤਾਂ ਅਤੇ ਬੱਚੇ ਵੀ ਇਸ ਮਾਰਚ ਦਾ ਹਿੱਸਾ ਬਣੇ। ਸਾਰਿਆਂ ਨੇ ਹੱਥਾਂ ‘ਚ ਤਖਤੀਆਂ ਫੜੀਆਂ ਹੋਈਆਂ ਸੀ ਅਤੇ ਜ਼ੁਬਾਨ ‘ਤੇ ਨਾਅਰੇ ਬੰਦੀ ਸਿੰਘ ਰਿਹਾਅ ਕਰੋ ਦੇ ਸੁਣਨ ਨੂੰ ਮਿਲੇ।
ਰੋਸ ਮਾਰਚ ਦੁਪਹਿਰ 12 ਵਜੇ YPS ਚੌਕ ਤੋਂ ਸ਼ੁਰੂ ਹੋਇਆ ਤੇ ਮੁਹਾਲੀ ਦੇ ਵੱਖ ਵੱਖ ਸੈਕਟਰਾਂ ‘ਚ ਹੁੰਦਾ ਹੋਇਆ ਵਾਪਸ 3:30 ਵਜੇ ਕੌਮੀ ਇਨਸਾਫ਼ ਮੋਰਚੇ ‘ਤੇ ਜਾ ਕੇ ਸਮਾਪਤ ਹੋਇਆ। ਕੌਮੀ ਇਨਸਾਫ਼ ਮੋਰਚਾ 7 ਜਨਵਰੀ 2023 ਨੂੰ ਸ਼ੁਰੂ ਹੋਇਆ ਸੀ ਜੋ ਹਾਲੇ ਵੀ ਨਿਰੰਤਰ ਜਾਰੀ ਹੈ। ਮੋਰਚੇ ਨੂੰ ਹੋਰ ਥਾਂ ਸ਼ਿਫ਼ਟ ਕਰਨ ਜਾਂ ਮੁਹਾਲੀ ਤੋਂ ਚੁੱਕਵਾਉਣ ਦਾ ਮਾਮਲਾ ਹਾਈ ਕੋਰਟ ਵਿੱਚ ਵੀ ਪਹੁੰਚਿਆ ਹੋਇਆ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਮਾਨ ਸਰਕਾਰ ਨੂੰ 2 ਮਹੀਨੇ ਦਾ ਸਮਾਂ ਵੀ ਦਿੱਤਾ ਸੀ ਕਿ ਕੋਈ ਵਿਚਲਾ ਰਸਤਾ ਕੱਢ ਕੇ ਧਰਨਾ ਚੁੱਕਵਾਇਆ ਜਾਵੇ ਜਾਂ ਹੋਰ ਥਾਂ ਸ਼ਿਫ਼ਟ ਕੀਤਾ ਜਾਵੇ ਪਰ ਪੰਜਾਬ ਸਰਕਾਰ ਅਜਿਹਾ ਨਹੀਂ ਕਰ ਸਕੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੂੰ ਵੀ ਸਵਾਲ ਕੀਤੇ ਸਨ।