‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਨਾਲ ਪੰਜਾਬ ਦੇ ਪੰਜ ਜਿਲ੍ਹੇ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਮੁਹਾਲੀ ਸਭ ਤੋਂ ਵੱਧ ਪ੍ਰਭਾਵਿਤ ਹਨ। ਇਸ ਕਰਕੇ ਪੰਜਾਬ ਸਰਕਾਰ ਨੇ ਇਨ੍ਹਾਂ ਪੰਜ ਜਿਲ੍ਹਿਆਂ ਵਿੱਚ ਟਾਂਕ ਅਤੇ ਜਿਸਤ ਫਾਰਮੂਲੇ ਤਹਿਤ ਦੁਕਾਨਾਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਪਰ ਇਨ੍ਹਾਂ ਜਿਲ੍ਹਿਆਂ ਵਿੱਚ ਦੁਕਾਨਾਂ ਖੁੱਲ੍ਹੀਆਂ ਹੀ ਦਿਖਾਈ ਦੇ ਰਹੀਆਂ ਹਨ, ਜੇਕਰ ਕਿਤੇ ਬੰਦ ਹਨ ਤਾਂ ਉੱਥੇ ਦੁਕਾਨਦਾਰਾਂ ਵੱਲੋਂ ਪੰਜਾਬ ਸਰਕਾਰ ਦੇ ਇਸ ਫਾਰਮੂਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਮੁਹਾਲੀ ਵਿੱਚ ਇੱਕਠੇ ਹੋਏ ਦੁਕਾਨਦਾਰਾਂ ਨੇ ਹੱਥਾਂ ਵਿੱਚ ਪੋਸਟਰ ਫੜ੍ਹ ਕੇ ਇਸ ਫਾਰਮੂਲੇ ਦਾ ਸਖਤ ਵਿਰੋਧ ਕੀਤਾ ਅਤੇ ਕੈਪਟਨ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਪਹਿਲਾਂ ਹੀ 4 ਮਹੀਨਿਆਂ ਤੋਂ ਮੁਸ਼ਕਿਲਾਂ ਵਿੱਚੋਂ ਲੰਘ ਰਹੇ ਹਾਂ, ਹੁਣ ਪੰਜਾਬ ਸਰਕਾਰ ਅਜਿਹਾ ਕਾਨੂੰਨ ਬਣਾ ਕੇ ਸਾਡੀਆਂ ਮੁਸ਼ਕਿਲਾਂ ਨੂੰ ਘਟਾਉਣ ਦੀ ਬਜਾਏ ਵਧਾ ਰਹੀ ਹੈ।
ਦੁਕਾਨਦਾਰਾਂ ਨੇ ਕਿਹਾ ਕਿ ਜਿਹੜੇ ਸ਼ਰਾਬ ਦੇ ਠੇਕੇ ਦੇਰ ਰਾਤਾਂ ਤੱਕ ਖੁੱਲ੍ਹੇ ਰਹਿਦੇ ਹਨ, ਸਰਕਾਰ ਦਾ ਉਹਨਾਂ ਵੱਲ ਕੋਈ ਧਿਆਨ ਨਹੀਂ। ਦੁਕਾਨਦਾਰਾਂ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸ਼ਰਾਬ ਦੇ ਠੇਕੇ ਸਾਢੇ ਛੇ ਵਜੇ ਬੰਦ ਨਾ ਹੋਏ ਤਾਂ ਪੂਰੇ ਪੰਜਾਬ ਦੀਆਂ ਮਾਰਕੀਟਾਂ ਵੀ ਖੁੱਲ੍ਹੀਆਂ ਰਹਿਣਗੀਆਂ, ਇਸ ਦੇ ਨਾਲ ਉਹਨਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇ ਸ਼ਾਹੀ ਕੀਤੀ ਤਾਂ ਅਸੀਂ ਸਰਕਾਰ ਦੇ ਜਲੂਸ ਕੱਢ ਦੇਵਾਂਗੇ।