Punjab

ਪੁਲਿਸ ਨੇ ਕੀਤੀ ਵੱਡੀ ਕਾਰਵਾਈ, 8 ਲੋਕਾਂ ਨਾਲ ਹੋਇਆ ਧੋਖਾ, ਮੁੰਬਈ ਤੱਕ ਪੁੱਜੀ ਪੁਲਿਸ

ਪੰਜਾਬੀਆਂ ਸਮੇਤ ਪੂਰੇ ਭਾਰਤ ਦੇ ਲੋਕ ਵਿਦੇਸ਼ਾਂ ‘ਚ ਜਾਣ ਲਈ ਹਰ ਹਿਲਾ ਵਰਤਦੇ ਹਨ ਪਰ ਕਈ ਵਾਰੀ ਉਹ ਏਜੰਟਾਂ ਦੇ ਹੱਥੋਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਮੁਹਾਲੀ (Mohali) ਵਿਚ ਵੀ ਇਕ ਏਜੰਟ ਵੱਲੋਂ 8 ਵਿਅਕਤੀਆਂ ਨੂੰ ਯੂਕੇ ਭੇਜਣ ਦੇ ਨਾ ‘ਤੇ ਠੱਗਿਆ ਗਿਆ ਹੈ। ਜਾਣਕਾਰੀ ਮੁਤਾਬਕ ਇਸ ਵਿਅਕਤੀ ਵੱਲੋਂ ਇਨ੍ਹਾਂ ਨਾਲ ਕਰੀਬ 1 ਕਰੋੜ ਦੀ ਠੱਗੀ ਮਾਰੀ ਹੈ। ਇਸ ਨੂੰ ਲੈ ਕੇ ਥਾਣਾ ਫੇਜ਼ 1 ਦੀ ਪੁਲਿਸ ਵੱਲੋਂ ਮੁਲਜ਼ਮ ਇੰਦਰਜੀਤ ਸਿੰਘ ਸੋਹੀ ਅਤੇ ਉਸ ਦੀ ਪਤਨੀ ਪਰਮਿੰਦਰ ਸੋਹੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਦੱਸ ਦੇਈਏ ਕਿ ਪੁਲਿਸ ਵੱਲੋਂ ਇੰਦਰਜੀਤ ਨੂੰ ਮੁੰਬਈ ਤੋਂ ਕਾਬੂ ਕੀਤਾ ਹੈ।

ਇਸ ਸਬੰਧੀ ਪੁਲਿਸ ਨੂੰ ਕੀਤੀ ਸ਼ਿਕਾਇਤ ਵਿੱਚ ਕਿੰਦਰਬੀਰ ਸਿੰਘ ਬਦੇਸ਼ਾ, ਲਵਪ੍ਰੀਤ ਸਿੰਘ ਤੇ ਸੰਦੀਪ ਗੋਸ਼ਲ ਨੇ ਦੱਸਿਆ ਕਿ ਉਨ੍ਹਾਂ ਦੀ ਹਰਿਜਸ ਸਟੱਡੀ ਅਬਰੋਡ ਐਂਡ ਇੰਮੀਗ੍ਰੇਸ਼ਨ ਮੁੰਬਈ ਦੇ ਮਾਲਕ ਇੰਦਰਜੀਤ ਸਿੰਘ ਨਾਲ ਮੁਲਾਕਾਤ ਹੋਈ ਸੀ। ਇੰਦਰਜੀਤ ਨੇ ਮੁਹਾਲੀ ਵਿਖੇ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਵਿੱਚ ਇੰਦਰਜੀਤ ਨੇ ਦੱਸਿਆ ਕਿ ਉਹ ਯੂਕੇ ਦਾ ਬਿਜ਼ਨਸ ਵੀਜ਼ੇ ਲਗਵਾਉਣ ਦਾ ਕੰਮ ਕਰਦਾ ਹੈ।

ਇੰਦਰਜੀਤ ਵੱਲੋਂ ਉਨ੍ਹਾਂ ਨੂੰ ਭਰਮਾ ਕੇ ਆਪਣੇ ਜਾਲ ਵਿੱਚ ਫਸਾ ਲਿਆ। ਇਸ ਤਰ੍ਹਾਂ ਉਸ ਨੇ ਉਨ੍ਹਾਂ ਸਾਰਿਆਂ ਕੋਲੋ ਕਰੀਬ 1 ਕਰੋੜ ਰੁਪਏ ਲੈ ਲਏ। ਲੰਮਾ ਸਮਾਂ ਬੀਤਣ ਤੋਂ ਬਾਅਦ ਜਦੋਂ ਵੀਜ਼ਾ ਨਾ ਆਇਆ ਤਾਂ ਉਨ੍ਹਾਂ ਨੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ ਪਰ ਉਸ ਵੱਲੋਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਗੰਦੀਆਂ ਗਾਲਾਂ ਤੱਕ ਕੱਡਣੀਆਂ ਸ਼ੁਰੂ ਕਰ ਦਿੱਤੀਆਂ।

ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਉਸ ਵੱਲੋਂ ਧਮਕੀਆਂ ਤੱਕ ਵੀ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇੰਦਰਜੀਤ ਵੱਲੋਂ 2 ਵਿਅਕਤੀਆਂ ਨੂੰ ਫਰਜੀ ਵੀਜ਼ਾ ਦੇ ਦਿੱਤਾ ਜਦੋਂ ਉਸ ਦੀ ਜਾਂਚ ਕੀਤੀ ਤਾਂ ਉਹ ਫਰਜੀ ਪਾਇਆ ਗਿਆ। ਜਿਸ ਤੋਂ ਬਾਅਦ ਉਸ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ।

ਇਹ ਵੀ ਪੜ੍ਹੋ –  ਵਿਦੇਸ਼ਾਂ ‘ਚ ਛਾਏ ਪੰਜਾਬੀ, ਇਟਲੀ ‘ਚ ਨੌਜਵਾਨ ਨੇ ਵਧਾਇਆ ਪੰਜਾਬੀਆਂ ਦਾ ਮਾਣ