Punjab

ਮੁਹਾਲੀ ਵਿੱਚ ਗੁੰਡਾਗਰਦੀ ਕਰਕੇ ਦੁੱਧ ਦਾ ਕਰੇਟ ਚੁੱਕਣ ਵਾਲੇ ਦੋਵੇਂ ਥਾਣੇਦਾਰ ਸਸਪੈਂਡ

‘ਦ ਖ਼ਾਲਸ ਬਿਊਰੋ :- ‘ਦ ਖ਼ਾਲਸ ਟੀਵੀ ਦੀ ਖ਼ਬਰ ਦਾ ਇੱਕ ਵਾਰ ਫਿਰ ਤੋਂ ਅਸਰ ਹੋਇਆ ਹੈ, ਜਿਸ ਮੁਤਾਬਕ ਮੁਹਾਲੀ ਦੇ ਐਸਐਸਪੀ ਨੇ ਫੇਜ਼-3ਬੀ1 ਦੀ ਮਾਰਕੀਟ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਜਬਰਦਸਤੀ ਦੁਕਾਨਾਂ ਬੰਦ ਕਰਵਾਉਣ, ਸਾਮਾਨ ਸੁੱਟਣ ਤੇ ਦੁੱਧ ਦਾ ਕਰੇਟ ਚੁੱਕ ਕੇ ਲਿਜਾਣ ਵਾਲੇ ਦੋਵੇਂ ਏਐੱਸਆਈ ਜਸਵੀਰ ਸਿੰਘ-1 ਤੇ ਏਐੱਸਆਈ ਜਸਵੀਰ ਸਿੰਘ-2 ਨੂੰ ਮੁਅੱਤਲ ਕਰ ਦਿੱਤਾ ਹੈ।

ਮੁਹਾਲੀ ‘ਚ ਲਾਕਡਾਊਨ ਦੇ ਚਲਦੇ ਫੇਜ਼-3ਬੀ1 ਦੀ ਮਾਰਕੀਟ ਵਿੱਚ ਦੇ ਪੁਲੀਸ ਮੁਲਾਜ਼ਮਾਂ ਵੱਲੋਂ ਜਬਰਦਸਤੀ ਦੁਕਾਨਾਂ ਬੰਦ ਕਰਵਾਉਣ, ਸਾਮਾਨ ਸੁੱਟਣ ਤੇ ਦੁੱਧ ਦਾ ਕਰੇਟ ਚੁੱਕ ਕੇ ਲਿਜਾਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐੱਸਐੱਸਪੀ ਨੇ ਪੀਸੀਆਰ ਡਿਊਟੀ ’ਤੇ ਤਾਇਨਾਤ ਦੋਵੇਂ ਏਐੱਸਆਈ ਜਸਵੀਰ ਸਿੰਘ-1 ਤੇ ਏਐੱਸਆਈ ਜਸਵੀਰ ਸਿੰਘ-2 ਨੂੰ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਵਿਭਾਂਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਰਕੀਟ ਦੇ ਕਾਰਜਕਾਰੀ ਪ੍ਰਧਾਨ ਰਤਨ ਸਿੰਘ, ਪਰਵਿੰਦਰ ਸਿੰਘ, ਜਸਵਿੰਦਰ ਸਿੰਘ ਖ਼ਾਲਸਾ, ਜਤਿੰਦਰ ਸਿੰਘ, ਨੀਰਜ ਕੁਮਾਰ ਤੇ ਰਾਮ ਰਤਨ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ ਸਾਢੇ 5 ਵਜੇ ਪੀਸੀਆਰ ਦੀ ਗੱਡੀ ਮਾਰਕੀਟ ਦੇ ਬਾਹਰ ਆ ਕੇ ਰੁਕੀ, ਜਿਸ ਵਿੱਚ ਦੋ ਥਾਣੇਦਾਰ ਸਵਾਰ ਸਨ।

ਇਕ ਨੇ ਜਬਦਸਤੀ ਦੁਕਾਨਾਂ ਬੰਦ ਕਰਨ ਲਈ ਕਿਹਾ, ਜਦੋਂਕਿ ਪੰਜਾਬ ਸਰਕਾਰ ਦੇ ਹੁਕਮਾਂ ਵਿੱਚ ਸਾਫ਼ ਲਿਖਿਆ ਹੈ ਕਿ ਕੈਮਿਸਟ, ਕਰਿਆਣਾ ਅਤੇ ਕਨਫੈਕਸ਼ਨਰੀ ਦੀਆਂ ਦੁਕਾਨਾਂ ਸ਼ਾਮ ਸੱਤ ਵਜੇ ਤੱਕ ਖੁੱਲ੍ਹੀਆਂ ਰੱਖੀਆਂ ਜਾ ਸਕਦੀਆਂ ਹਨ ਪਰ ਪੁਲੀਸ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ ਅਤੇ ਅੰਕੁਸ਼ ਕਰਿਆਣਾ ਸਟੋਰ ਦੇ ਬਾਹਰ ਪਿਆ ਸਾਮਾਨ ਸੁੱਟ ਦਿੱਤਾ ਤੇ ਦੁੱਧ ਦਾ ਕਰੇਟ ਚੁੱਕ ਕੇ ਪੀਸੀਆਰ ਗੱਡੀ ਵਿੱਚ ਰੱਖ ਲਿਆ। ਮੁਹਾਲੀ ਦੇ ਐੱਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੀਸੀਆਰ ਡਿਊਟੀ ’ਤੇ ਤਾਇਨਾਤ ਦੋਵੇਂ ਥਾਣੇਦਾਰਾਂ ਏਐਸਆਈ ਨੂੰ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ।