Punjab

ਗੁਰੂ ਘਰ ‘ਚ ਤਾਬਿਆ ‘ਤੇ ਬੈਠੇ ਗ੍ਰੰਥੀ ‘ਤੇ ਜਾਨਲੇਵਾ ਹਮਲਾ !

ਬਿਉਰੋ ਰਿਪੋਰਟ : ਮੁਹਾਲੀ ਦੇ ਪਿੰਡ ਸਿੱਲ ਵਿੱਚ ਤਾਬਿਆਂ ‘ਤੇ ਬੈਠੇ ਗ੍ਰੰਥੀ ਸਿੰਘ ‘ਤੇ ਹੋਏ ਹਮਲੇ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਗਿਆਨੀ ਰਘਬੀਰ ਸਿੰਘ ਨੇ ਸਖਤ ਨੋਟਿਸ ਲੈਂਦੇ ਹੋਏ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਹਨ । ਉਨ੍ਹਾਂ ਕਿਹਾ ਕਿ ਬੇਅਦਬੀਆਂ ਨੂੰ ਰੋਕਣ ਵਿੱਚ ਸਰਕਾਰ ਦੀ ਅਸਫਲਤਾ ਕਾਰਨ ਗੁਰੂ ਦੋਖੀਆਂ ਦੇ ਹੌਂਸਲੇ ਹੋਰ ਵੱਧ ਰਹੇ ਹਨ। ਇਹ ਇੱਕ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਹੇ ਹਨ।

ਜਥੇਦਾਰ ਸਾਹਿਬ ਨੇ ਗੁਰੂ ਘਰਾ ਦੇ ਪ੍ਰਬੰਧਕਾਂ ਅਤੇ ਸੰਗਤ ਨੂੰ ਹਦਾਇਤਾਂ ਦਿੱਤੀਆਂ ਕਿ ਬੇਅਦਬੀ ਨੂੰ ਰੋਕਣ ਲਈ ਸਰਕਾਰਾਂ ਤੋਂ ਉਮੀਦ ਦੀ ਥਾਂ ਉਹ ਆਪ ਪਹਿਰੇਦਾਰੀ ਨੂੰ ਮਜ਼ਬੂਤ ਕਰਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦੀ ਸੇਵਾ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ ਵੀ ਸ਼ਸਤਰਧਾਰੀ ਹੋ ਕੇ ਸੁਚੇਤ ਵਿਚਰਣ ਦੀ ਲੋੜ ਹੈ। ਉਨ੍ਹਾਂ ਸਖ਼ਤ ਲਹਿਜ਼ੇ ਵਿਚ ਆਖਿਆ ਕਿ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਵੀ ਬੇਅਦਬੀਆਂ ਦੀਆਂ ਘਟਨਾਵਾਂ ਲਈ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੀਆਂ, ਜਿਸ ਕਾਰਨ ਗੁਰਦੁਆਰਾ ਸਾਹਿਬਾਨ ਦੀ ਸੁਰੱਖਿਆ ਤੇ ਮਰਿਆਦਾ ਦੀ ਪਹਿਰੇਦਾਰੀ ਨੂੰ ਮਜ਼ਬੂਤ ਕੀਤਾ ਜਾਵੇ।

ਹਮਲਾ ਕਰਨ ਵਾਲੇ ਨੂੰ ਗ੍ਰਿਫਤਾਰ ਕੀਤਾ

ਮੁਹਾਲੀ ਦੇ ਪਿੰਡ ਸਿੱਲ ਦੇ ਗੁਰਦੁਆਰਾ ਰਾਮਦਾਸੀਆ ਵਿੱਚ ਪਾਠੀ ਲਖਬੀਰ ਸਿੰਘ ‘ਤੇ ਜਾਨਲੇਵਾ ਹਮਲਾ ਦੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਈ ਸੀ । ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ ਇੱਕ ਸ਼ਖਸ ਅੰਦਰ ਆਉਂਦਾ ਹੈ ਮੱਥਾ ਟੇਕ ਦਾ ਹੈ ਫਿਰ ਤਾਬਿਆਂ ‘ਤੇ ਬੈਠੇ ਗ੍ਰੰਥੀ ਲਖਬੀਰ ਸਿੰਘ ਨੂੰ ਬੁਲਾਉਂਦਾ ਹੈ,ਜਦੋਂ ਉਹ ਨਹੀਂ ਆਉਂਦਾ ਤਾਂ ਤਾਬਿਆਂ ‘ਤੇ ਜਾਂਦਾ ਹੈ ਅਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੰਦਾ ਹੈ । ਫਿਰ ਗ੍ਰੰਥੀ ਸਿੰਘ ਨੂੰ ਘਸੀੜ ਕੇ ਗੁਰੂ ਸਾਹਿਬ ਦੇ ਸਾਹਮਣੇ ਲੈਕੇ ਆਉਂਦਾ ਹੈ। ਗ੍ਰੰਥੀ ਵੀ ਆਪਣੇ ਬਚਾਅ ਵਿੱਚ ਹੱਥ ਪੈਰ ਮਾਰ ਦਾ ਹੈ ਅਤੇ ਹਮਲਾ ਕਰਨ ਵਾਲੇ ਨੂੰ ਉਲਟਾ ਕਰ ਦਿੰਦਾ ਹੈ। ਕਾਫੀ ਦੇਰ ਦੋਵਾਂ ਦੇ ਵਿਚਾਲੇ ਹੱਥੋਪਾਈ ਹੁੰਦੀ ਹੈ । ਫਿਰ ਹਮਲਾਵਰ ਆਪਣੇ ਕੱਪੜੇ ਉਤਾਰ ਕੇ ਨੰਗਾ ਹੋ ਜਾਂਦਾ ਹੈ। ਇਹ ਘਟਨਾ ਸਵੇਰ 6 ਵਜੇ ਦੀ ਹੈ । ਹਮਲਾਵਰ ਮੁਹਾਲੀ ਦੇ ਕਿਸੇ ਪੈਟਰੋਲ ਪੰਪ ‘ਤੇ ਕੰਮ ਕਰਦਾ ਸੀ । ਪੁਲਿਸ ਨੇ ਹਮਲਾ ਕਰਨ ਵਾਲੇ ਨੌਜਵਾਨ ਨੂੰ ਫੜ ਲਿਆ ਹੈ । ਉਸ ਨੇ ਇਹ ਹਰਕਤ ਕਿਉਂ ਕੀਤੀ ? ਉਸ ਦੀ ਕੀ ਦੁਸ਼ਮਣੀ ਸੀ ? ਇਸ ਦੀ ਜਾਂਚ ਕੀਤੀ ਜਾ ਰਹੀ ਹੈ । ਇਸ ਘਟਨਾ ਦੀ ਸੀਸੀਟੀਵੀ ਵੇਖ ਕੇ ਸੰਗਤ ਵੀ ਹੈਰਾਨ ਹੈ ।