ਬਿਉਰੋ ਰਿਪੋਰਟ : ਜਗਤਾਰ ਸਿੰਘ ਹਵਾਰਾ ਨੂੰ ਮੋਹਾਲੀ ਕੋਰਟ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ । ਅਦਾਲਤ ਨੇ SSP ਮੋਹਾਲੀ ਨੂੰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਲਈ ਕਿਹਾ ਹੈ । 10 ਅਗਸਤ ਨੂੰ ਪੰਜਾਬ ਪੁਲਿਸ ਨੂੰ ਜਗਤਾਰ ਸਿੰਘ ਹਵਾਰਾ ਨੂੰ ਪੇਸ਼ ਕਰਨਾ ਹੈ। ਇਸ ਵੇਲੇ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ ।
ਮੋਹਾਲੀ ਕੋਰਟ ਨੇ ਇਸ ਮਾਮਲੇ ਵਿੱਚ ਤਿਹਾੜ ਜੇਲ੍ਹ ਦੇ ਸੁਪਰਿਨਟੈਂਡੰਟ ਨੂੰ ਪੱਤਰ ਜਾਰੀ ਕਰਕੇ ਉਸ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਸੁਹਾਨਾ ਥਾਣੇ ਵਿੱਚ ਜਗਤਾਰ ਸਿੰਘ ਹਵਾਲਾ ਦੇ ਖ਼ਿਲਾਫ਼ ਕੇਸ ਹੈ । ਪਹਿਲਾਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਹੋਣੀ ਸੀ ਪਰ ਹੁਣ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ।
ਮੋਹਾਲੀ ਵਿੱਚ ਕੌਮੀ ਇਨਸਾਫ਼ ਮੋਰਚਾ ਚੱਲ ਰਿਹਾ ਹੈ । ਅਜਿਹੇ ਵਿੱਚ ਮੋਹਾਲੀ ਵਿੱਚ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਪੁਲਿਸ ਦੇ ਲਈ ਵੱਡੀ ਚੁਨੌਤੀ ਸਾਬਤ ਹੋ ਸਕਦੀ ਹੈ। ਪੁਲਿਸ ਨੂੰ ਡਰ ਹੈ ਕਿ ਜੇਕਰ ਹਵਾਰਾ ਦੀ ਪੇਸ਼ੀ ਹੁੰਦੀ ਹੈ ਤਾਂ ਕੌਮੀ ਇਨਸਾਫ਼ ਮੋਰਚੇ ਦੇ ਆਗੂ ਉੱਥੇ ਆ ਸਕਦੇ ਹਨ । ਜਿਸ ਨਾਲ ਮਾਹੌਲ ਤਣਾਅ ਪੂਰਨ ਹੋ ਸਕਦਾ ਹੈ।
ਪਿਛਲੇ ਸਾਲ ਚੰਡੀਗੜ੍ਹ ਦੀ ਅਦਾਲਤ ਨੇ ਹਵਾਰਾ ਨੂੰ ਇੱਕ ਮਾਮਲੇ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ ਤਾਂ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਪੇਸ਼ ਕਰਨ ਤੋਂ ਮਨਾ ਕਰ ਦਿੱਤਾ ਸੀ । ਇਸ ਦੇ ਜਵਾਬ ਵਿੱਚ ਹਵਾਰਾ ਦੇ ਵਕੀਲ ਨੇ ਕਿਹਾ ਸੀ ਜਦੋਂ ਲਾਰੈਂਸ ਵਰਗੇ ਗੈਂਗਸਟਰ ਨੂੰ ਪੰਜਾਬ ਤੋਂ ਦਿੱਲੀ ਪੇਸ਼ ਕੀਤਾ ਜਾ ਸਕਦਾ ਹੈ ਤਾਂ ਹਵਾਰਾ ਦੀ ਸੁਰੱਖਿਆ ਨੂੰ ਲੈ ਕੇ ਅਜਿਹੇ ਤਰਕ ਕਿਉਂ ਦਿੱਤੇ ਜਾ ਰਹੇ ਹਨ।
ਹਵਾਰਾ ਨੇ ਚੰਡੀਗੜ੍ਹ ਸ਼ਿਫ਼ਟ ਹੋਣ ਦੀ ਮੰਗ ਕੀਤੀ ਸੀ
ਬੁੜੈਲ ਜੇਲ੍ਹ ਕਾਂਡ ਤੋਂ ਬਾਅਦ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਸੀ । ਕੁੱਝ ਸਾਲ ਪਹਿਲਾਂ ਉਸ ਦੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਪੇਸ਼ੀ ਦੌਰਾਨ ਸ਼ਿਵਸੈਨਾ ਦੇ ਇੱਕ ਆਗੂ ਵੱਲੋਂ ਪ੍ਰਦਰਸ਼ਨ ਦੇ ਦੌਰਾਨ ਜਗਤਾਰ ਸਿੰਘ ਹਵਾਰਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਸੀ ਜਿਸ ਦੇ ਜਵਾਬ ਵਿੱਚ ਹਵਾਰਾ ਨੇ ਸ਼ਿਵ ਸੈਨਾ ਆਗੂ ਨੂੰ ਕੁੱਟ ਦਿੱਤਾ ਸੀ। ਉਸ ਤੋਂ ਬਾਅਦ ਸਾਰੇ ਕੇਸਾਂ ਵਿੱਚ ਹਵਾਰਾ ਦੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਹੀ ਪੇਸ਼ੀ ਹੋ ਰਹੀ ਹੈ।
ਪਿਛਲੇ ਸਾਲ ਜਗਤਾਰ ਸਿੰਘ ਹਵਾਰਾ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਕੇ ਕਿਹਾ ਸੀ ਕਿ ਉਸ ਦੇ ਜ਼ਿਆਦਾਤਰ ਕੇਸ ਚੰਡੀਗੜ੍ਹ ਅਤੇ ਪੰਜਾਬ ਵਿੱਚ ਹਨ ਇਸ ਲਈ ਉਸ ਨੂੰ ਬੁੜੈਲ ਜੇਲ੍ਹ ਵਿੱਚ ਸ਼ਿਫ਼ਟ ਕੀਤਾ ਜਾਵੇ। ਇਸ ‘ਤੇ ਅਦਾਲਤ ਨੇ ਕਿਹਾ ਸੀ ਕਿ ਕਿਉਂਕਿ ਸੁਰੱਖਿਆ ਕਾਰਨਾਂ ਦੀ ਵਜ੍ਹਾ ਕਰਕੇ ਕੇਂਦਰ ਨੇ ਹਵਾਰਾ ਨੂੰ ਪੰਜਾਬ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਲਈ ਉਸ ਨੂੰ ਸ਼ਿਫ਼ਟ ਨਹੀਂ ਕੀਤੀ ਜਾ ਸਕਦਾ ਹੈ।
ਮੰਗਲਵਾਰ ਨੂੰ ਹਵਾਰਾ ਦੀ ਹੋਈ ਸੀ ਪੇਸ਼ੀ
ਚੰਡੀਗੜ੍ਹ ਦੀ ਮਾਡਲ ਬੁੜੈਲ ਜੇਲ੍ਹ ਵਿੱਚ ਸੁਰੰਗ ਬਣਾ ਕੇ ਫ਼ਰਾਰ ਹੋਣ ਦੇ ਮਾਮਲੇ ਵਿੱਚ ਹਵਾਰਾ ਦੀ ਜ਼ਿਲ੍ਹਾ ਅਦਾਲਤ ਵਿੱਚ ਬੀਤੇ ਦਿਨ ਪੇਸ਼ੀ ਹੋਈ ਸੀ । ਪਰ ਇਹ ਪੇਸ਼ੀ ਤਿਹਾੜ ਜੇਲ੍ਹ ਤੋਂ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਕੀਤੀ ਗਈ ਸੀ । ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 11 ਅਗਸਤ ਨੂੰ ਹੋਵੇਗੀ । ਇਸ ਤੋਂ ਪਹਿਲਾਂ 17 ਜੁਲਾਈ ਨੂੰ ਹਵਾਰਾ ਦੇ ਵਕੀਲ ਨੇ ਉਸ ਨੂੰ ਅਦਾਲਤ ਵਿੱਚ ਸਰੀਰਕ ਤੌਰ ‘ਤੇ ਪੇਸ਼ ਕਰਨ ਦੀ ਅਰਜ਼ੀ ਦਿੱਤੀ ਸੀ ਪਰ ਅਦਾਲਤ ਨੇ ਇਸ ਨੂੰ ਰੱਦ ਕਰਦਿਆਂ ਹਵਾਰਾ ਨੂੰ ਹਰ ਪੇਸ਼ੀ ‘ਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ । ਜੇਕਰ 10 ਅਗਸਤ ਨੂੰ ਹਵਾਰਾ ਦੀ ਮੋਹਾਲੀ ਕੋਰਟ ਵਿੱਚ ਪੇਸ਼ੀ ਦੌਰਾਨ ਕੋਈ ਹੰਗਾਮਾ ਨਹੀਂ ਹੁੰਦਾ ਤਾਂ ਉਸ ਦੇ ਵਕੀਲ ਅਗਲੀ ਸੁਣਵਾਈ ਦੌਰਾਨ ਪੰਜਾਬ ਦਾ ਹਵਾਲਾ ਦੇ ਕੇ ਨਿੱਜੀ ਤੌਰ ‘ਤੇ ਪੇਸ਼ ਹੋਣ ਦੀ ਮੰਗ ਕਰ ਸਦਕੇ ਹਨ।