ਬਿਉਰੋ ਰਿਪੋਰਟ – ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਤੋਂ ਬਾਅਦ ਹੁਣ ਜ਼ੀਰਕਪੁਰ ਦੇ ਢਕੋਲੀ ਵਿੱਚ ਸਰਕਾਰੀ ਹਸਪਤਾਲ (GOVT HOSPITAL) ਵਿੱਚ 8 ਮਹੀਨੇ ਦੀ ਗਰਭਵਤੀ ਮਹਿਲਾ ਡਾਕਟਰ ਪ੍ਰਭਜੋਤ ਕੌਰ ’ਤੇ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿੱਚ ਵੜੇ 2 ਮੁਲਜ਼ਮ ਚੋਰੀ ਦੇ ਮਕਸਦ ਦੇ ਨਾਲ ਆਏ ਸਨ। ਜਿਵੇਂ ਹੀ ਉਹ ਇੰਜੈਕਸ਼ਨ (INJECTION) ਰੂਮ ਦੇ ਅੰਦਰ ਸਿਰੰਜਾਂ ਚੋਰੀ ਕਰਨ ਦੇ ਲਈ ਅੰਦਰ ਵੜੇ, ਮਹਿਲਾ ਡਾਕਟਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮਾਂ ਨੇ ਮਹਿਲਾ ਡਾਕਟਰ ਨੂੰ ਧੱਕਾ ਮਾਰਿਆ। ਖਿੱਚਧੂਹ ਦੀਆਂ ਸੀਸੀਟੀਵੀ (CCTV) ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਹਸਪਤਾਲ ਦੇ ਡਾਕਟਰਾਂ ਦਾ ਦਾਅਵਾ ਹੈ ਕਿ ਦਿਨ ਅਤੇ ਰਾਤ ਵੇਲੇ ਹਸਪਤਾਲ ਦੀ ਸੁਰੱਖਿਆ ਦੇ ਲਈ ਕੋਈ ਗਾਰਡ (SECURITY GUARD) ਵੀ ਮੌਜੂਦ ਨਹੀਂ ਹੈ। ਸੀਨੀਅਰ ਡਾਕਟਰ ਰਾਜੇਸ਼ ਨੇ ਦੱਸਿਆ ਕਿ ਅਸੀਂ ਸਰਕਾਰ ਨੂੰ ਕਈ ਵਾਰ ਅਪੀਲ ਕਰ ਚੁੱਕੇ ਹਾਂ ਕਿ ਸਾਨੂੰ ਸੁਰੱਖਿਆ ਗਾਰਡ ਦਿਉ ਪਰ ਕੋਈ ਸੁਣਵਾਈ ਨਹੀਂ ਹੈ। ਬੀਤੇ ਦਿਨ ਜਿਹੜੀ ਘਟਨਾ ਹੋਈ ਹੈ ਉਸ ਨਾਲ ਡਾਕਟਰਾਂ ਵਿੱਚ ਖੌਫ ਹੋਰ ਵੱਧ ਗਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਈ ਵਾਰ ਲੋਕ ਮਰੀਜ਼ ਨੂੰ ਲੈਕੇ ਆਉਂਦੇ ਹਨ ਤਾਂ ਗੁੱਸੇ ਵਿੱਚ ਡਾਕਟਰਾਂ ’ਤੇ ਹਮਲਾ ਕਰ ਦਿੰਦੇ ਹਨ ਪਰ ਸਾਡੀ ਸੁਰੱਖਿਆ ਦੇ ਲਈ ਕੋਈ ਸੁਰੱਖਿਆ ਮੁਲਾਜ਼ਮ ਮੌਜੂਦ ਨਹੀਂ ਹੈ। ਡਾਕਟਰਾਂ ਪ੍ਰਭਜੋਤ ਨਾਲ ਹੋਈ ਘਟਨਾ ਤੋਂ ਲੱਗਦਾ ਹੈ ਕਿ ਜਿਹੜੇ ਮੁਲਜ਼ਮਾਂ ਨੇ ਹਮਲਾ ਕੀਤਾ ਹੈ ਕਿ ਉਹ ਨਸ਼ੇ ਦੇ ਆਦੀ ਹੋ ਸਕਦੇ ਹਨ। ਉਸ ਦੀ ਪੂਰਤੀ ਦੇ ਲਈ ਵੀ ਉਹ ਸਿਰੰਜਾਂ ਚੋਰੀ ਕਰਨ ਦੇ ਲਈ ਹਸਪਤਾਲ ਦਾਖਲ ਹੋਏ ਸਨ।
ਯਾਦ ਰਹੇ ਕੋਲਕਾਤਾ ਵਿੱਚ ਟ੍ਰੇਨੀ ਮਹਿਲਾ ਡਾਕਟਰ ਨਾਲ ਜ਼ਬਰਜਨਾਹ ਅਤੇ ਕਤਲ ਦੀ ਘਟਨਾ ਤੋਂ ਬਾਅਦ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਡਾਕਟਰਾਂ ਨੇ ਹੜ੍ਹਤਾਲ ਕੀਤੀ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ (PUNJAB HEALTH MINISTER DR BALBIR SINGH) ਆਪ ਵੀ ਪੇਸ਼ੇ ਤੋਂ ਡਾਕਟਰ ਹਨ। ਇਸੇ ਲਈ ਉਨ੍ਹਾਂ ਨੇ ਹੜ੍ਹਤਾਲ ਦੌਰਾਨ ਡਾਕਟਰਾਂ ਨੂੰ ਭਰੋਸਾ ਦਿਵਾਇਆ ਸੀ ਉਨ੍ਹਾਂ ਦੀ ਸੁਰੱਖਿਆ ਦੇ ਲਈ ਸਾਰੇ ਇੰਤਜ਼ਾਮ ਕੀਤੇ ਜਾਣਗੇ। ਪਰ ਇਸ ਦੇ ਬਾਵਜੂਦ ਕੋਈ ਕੰਮ ਨਹੀਂ ਕੀਤਾ ਗਿਆ।
ਅਜੇ ਪਿਛਲੇ ਹਫ਼ਤੇ ਹੀ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਵੀ ਇੱਕ ਮਹਿਲਾ ਡਾਕਟਰ ਨੇ ਸ਼ਿਕਾਇਤ ਕੀਤੀ ਸੀ ਕੁਝ ਬਦਮਾਸ਼ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਪੁਲਿਸ ਨੇ ਜਾਂਚ ਤੋਂ ਬਾਅਦ ਦਾਅਵਾ ਕੀਤਾ ਕਿ ਇਹ ਮਾਮਲਾ ਛੇੜਖਾਨੀ ਦਾ ਨਹੀਂ ਬਲਕਿ ਲੁੱਟ ਦਾ ਹੈ।