ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਰਣਧੀਰ ਦੇ ਸ਼ੈਲ ਮਾਲਕ ਨੇ ਕੀਤੀ ਬੇਅਦਬੀ
‘ਦ ਖ਼ਾਲਸ ਬਿਊਰੋ :- ਕਿਸੇ ਵੀ ਪ੍ਰੋਡਕਟ ‘ਤੇ ਧਾਰਮਿਕ ਚਿੰਨ੍ਹ ਅਤੇ ਗੁਰਧਾਮਾਂ ਦੀਆਂ ਤਸਵੀਰਾਂ ਛਾਪਣ ਦੀ ਮਨਾਹੀ ਹੁੰਦੀ ਹੈ। ਕਈ ਵਾਰ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਵੱਲੋਂ ਵੀ ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ SGPC ਵੱਲੋਂ ਸਖਤ ਐਕਸ਼ਨ ਲਿਆ ਗਿਆ ਹੈ। ਪੰਜਾਬ ਵਿੱਚ ਅਜਿਹੀਆਂ ਕਈ ਕੰਪਨੀਆਂ ਹਨ, ਜੋ ਆਪਣਾ ਸਮਾਨ ਵੇਚਣ ਦੇ ਲਈ ਗੁਰਧਾਮਾਂ ਦੀਆਂ ਤਸਵੀਰਾਂ ਦੀ ਵਰਤੋਂ ਕਰ ਰਹੀਆਂ ਹਨ। ਮੋਗਾ ਦੇ ਪਿੰਡ ਖੋਸਾ ਰਣਧੀਰ ਤੋਂ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਸ਼ੈਲਰ ਮਾਲਕ ਨੇ ਚੌਲਾਂ ਦੀਆਂ ਬੋਰੀਆਂ ‘ਤੇ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਲਗਾਈ ਸੀ। ਜਦੋਂ ਸਿੱਖ ਜਥੇਬੰਦੀਆਂ ਨੂੰ ਇਸ ਦੀ ਸ਼ਿਕਾਇਤ ਮਿਲੀ ਤਾਂ ਸਤਿਕਾਰ ਕਮੇਟੀ ਉੱਥੇ ਪਹੁੰਚੀ ਅਤੇ ਪੁਲਿਸ ਨੇ ਸ਼ੈਲਰ ਮਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦਰਬਾਰ ਸਾਹਿਬ ਦੀ ਤਸਵੀਰ ਬੋਰੀਆਂ ‘ਤੇ ਲਗਾਈ
ਸਿੱਖ ਜਥੇਬੰਦੀਆਂ ਦੇ ਨਾਲ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਸ਼ੈਲਰ ਮਾਲਕ ਅਵਿਨਾਸ਼ ਗੁਪਤਾ ਨੇ ਚੌਲਾਂ ਦੀਆਂ ਬੋਰੀਆਂ ‘ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਲਗਾਈ ਸੀ। ਜਦੋਂ ਜਾਂਚ ਹੋਈ ਤਾਂ 50 ਹਜ਼ਾਰ ਦੇ ਕਰੀਬ ਪਲਾਸਟਿਕ ਦੇ ਵਿਵਾਦਤ ਖਾਲੀ ਲਿਫਾਫੇ ਵੀ ਬਰਾਮਦ ਹੋਏ। ਸਿੱਖ ਜਥੇਬੰਦੀਆਂ ਨੇ ਇਲਜ਼ਾਮ ਲਗਾਇਆ ਕਿ ਸ਼ੈੱਲਰ ਮਾਲਕ ਨੇ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਲਗਾ ਕੇ ਬੇਅਦਬੀ ਕੀਤੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਸ਼ੈੱਲਰ ਮਾਲਿਕ ਅਵਿਨਾਸ਼ ਗੁਪਤਾ ਖਿਲਾਫ਼ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਵਿੱਚ ਮਾਮਲਾ ਦਰਜ ਕਰ ਲਿਆ ਹੈ। ਉਧਰ ਸ਼ੈਲਰ ਮਾਲਕ ਹੁਣ ਸਫਾਈ ਦੇ ਰਿਹਾ ਹੈ।
ਸ਼ੈਲਰ ਮਾਲਕ ਦੀ ਸਫਾਈ
ਸ਼ੈਲਰ ਮਾਲਕ ਅਵਿਨਾਸ਼ ਗੁਪਤਾ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਆਪ ਵੀ ਕਈ ਵਾਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾ ਚੁੱਕਿਆ ਹੈ। ਸ਼ੈਲਰ ਮਾਲਕ ਨੇ ਕਿਹਾ ਕਿ ਜੇਕਰ ਇਸ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਹ ਤਸਵੀਰ ਉਤਾਰ ਦੇਣਗੇ। ਜਿਹੜੀਆਂ ਬੋਰੀਆਂ ਉਨ੍ਹਾਂ ਕੋਲ ਬਚੀਆਂ ਹਨ, ਉਸ ਨੂੰ ਉਹ ਇਸਤੇਮਾਲ ਨਹੀਂ ਕਰਨਗੇ।