Punjab

ਸਿਰਫ਼ ਬੇਅਦਬੀ ਨਹੀਂ, ਅਜਿਹੀਆਂ ਹਰਕਤਾਂ ਨੇ ਵੀ ਗੁਰੂ ਘਰਾਂ ਦੀ ਚਿੰਤਾ ਵਧਾਈ !

ਮੋਗਾ : ਪੰਜਾਬ ਦੇ ਗੁਰੂ ਘਰਾਂ ਵਿੱਚ ਸਿਰਫ਼ ਬੇਅਦਬੀ ਹੀ ਵੱਡੀ ਪਰੇਸ਼ਾਨੀ ਨਹੀਂ ਹੈ ਬਲਕਿ ਕਮੇਟੀਆਂ ਵਿੱਚ ਆਪਣੀ ਰੰਜਿਸ਼ ਅਤੇ ਫਿਰ ਇੱਕ ਦੂਜੇ ‘ਤੇ ਹਮਲਾ ਕਰਨ ਦੇ ਮਾਮਲੇ ਵੀ ਚਿੰਤਾ ਵਧਾ ਰਹੇ ਹਨ। ਮੋਗਾ ਤੋਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੁਰਦੁਆਰੇ ਸਾਹਿਬ ਦੇ ਸਾਬਕਾ ਸਕੱਤਰ ‘ਤੇ ਜਦੋਂ ਫੰਡਾਂ ਵਿੱਚ ਗੜਬੜੀ ਦੇ ਇਲਜ਼ਾਮ ਲੱਗੇ ਤਾਂ ਉਸ ਨੇ ਇਲਜ਼ਾਮ ਲਗਾਉਣ ਵਾਲੇ ‘ਤੇ ਕਾਤਲਾਨਾ ਹਮਲਾ ਕੀਤਾ ਅਤੇ ਜਦੋਂ ਉਹ ਅਸਫਲ ਹੋਇਆ ਤਾਂ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ।

ਮਾਮਲਾ ਮੋਗਾ ਦੇ ਪਿੰਡ ਫਤਿਹਗੜ੍ਹ ਕੋਰੋਟਾਨਾ ਦਾ ਹੈ, ਜਿੱਥੇ 53 ਸਾਲ ਦੇ ਜੰਗ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ । ਉਸ ‘ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡ ਡਕਾਰਨ ਦਾ ਇਲਜ਼ਾਮ ਲੱਗ ਰਿਹਾ ਸੀ। ਜਿਸ ਤੋਂ ਬਾਅਦ ਉਸ ਨੇ ਇਲਜ਼ਾਮ ਲਗਾਉਣ ਵਾਲੇ ‘ਤੇ 4 ਰਾਉਂਡ ਫਾਇਰਿੰਗ ਕੀਤੀ, ਜਦੋਂ ਉਹ ਬਚ ਗਿਆ ਤਾ ਉਸ ਨੇ ਖੁਦ ਨੂੰ ਹੀ ਗੋਲੀ ਮਾਰ ਲਈ ਅਤੇ ਉਸ ਦੀ ਮੌਤ ਹੋ ਗਈ। ਜੰਗ ਸਿੰਘ ਨੇ ਮੌਤ ਤੋਂ ਪਹਿਲਾਂ ਇੱਕ ਪੱਤਰ ਵੀ ਛੱਡਿਆ ਹੈ, ਜਿਸ ਵਿੱਚ ਉਸ ਨੇ 3 ਲੋਕਾਂ ਦਾ ਨਾਂ ਵੀ ਲਿਖਿਆ ਹੈ। ਪੁੱਤਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਟਰੱਕ ਦੇ ਪਿੱਛੇ ਜਾਕੇ ਗੋਲੀ ਮਾਰੀ

ਜਾਣਕਾਰੀ ਦੇ ਮੁਤਾਬਕ ਜੰਗ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਸਕੱਤਰ ਸੀ, ਉਸ ‘ਤੇ ਕਮੇਟੀ ਦੇ 7 ਲੱਖ ਰੁਪਏ ਦੇ ਫੰਡ ਗਾਇਬ ਕਰਨ ਦਾ ਇਲਜ਼ਾਮ ਲੱਗ ਰਿਹਾ ਸੀ। ਇਲਜ਼ਾਮਾਂ ਦੀ ਵਜ੍ਹਾ ਕਰਕੇ ਉਹ ਦੁਖੀ ਚੱਲ ਰਿਹਾ ਸੀ। ਸਿਰਫ਼ ਇਨ੍ਹਾਂ ਹੀ ਨਹੀਂ ਇਲਜ਼ਾਮ ਲਗਾਉਣ ਵਾਲੇ ਉਸ ਨੂੰ ਪਰੇਸ਼ਾਨ ਕਰ ਰਹੇ ਸਨ। ਸਵੇਰ ਵੇਲੇ ਜਦੋਂ ਜੰਗ ਸਿੰਘ ਉੱਠਿਆ ਤਾਂ ਉਸ ਨੇ ਗੁੱਸੇ ਵਿੱਚ ਇਲਜ਼ਾਮ ਲਗਾਉਣ ਵਾਲੇ ਵਿਅਕਤੀ ਕੋਲ ਗਿਆ ਅਤੇ 4 ਗੋਲੀਆਂ ਚਲਾਈਆਂ, ਪਰ ਉਸ ਦੀ ਕਿਸਮਤ ਚੰਗੀ ਸੀ ਕਿ ਉਹ ਬਚ ਗਿਆ, ਫਿਰ ਜੰਗ ਸਿੰਘ ਨੇ ਟਰੱਕ ਦੇ ਪਿੱਛੇ ਜਾ ਕੇ ਆਪਣੇ-ਆਪ ‘ਤੇ ਗੋਲੀਆਂ ਚੱਲਾ ਦਿੱਤੀਆਂ।

ਗੋਲੀ ਦੀ ਆਵਾਜ਼ ਸੁਣ ਕੇ ਇਕੱਠਾ ਹੋਏ ਲੋਕ

ਗੋਲੀ ਦੀ ਆਵਾਜ਼ ਸੁਣ ਕੇ ਲੋਕ ਇਕੱਠਾ ਹੋ ਗਏ, ਪੁਲਿਸ ਨੂੰ ਇਤਲਾਹ ਕੀਤੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਉਧਰ ਮ੍ਰਿਤਕ ਜੰਗ ਸਿੰਘ ਨੇ ਆਪਣੀ ਮੌਤ ਦੇ ਲਈ ਜਿੰਨਾਂ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਉਨ੍ਹਾਂ ਦੇ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ।