ਬਿਊਰੋ ਰਿਪੋਰਟ : ਪੰਜਾਬ ਵਿੱਚ ਅਪਰਾਧ ਬੇਲਗ਼ਾਮ ਹੁੰਦਾ ਜਾ ਰਿਹਾ ਹੈ । ਸ਼ਾਇਦ ਹੀ ਕੋਈ ਅਜਿਹਾ ਦਿਨ ਗੁਜ਼ਰਦਾ ਹੋਵੇ ਜਦੋਂ ਕਤਲ ਦੀ ਭਿਆਨਕ ਵਾਰਦਾਤ ਸਾਹਮਣੇ ਨਾ ਆਉਂਦੀ ਹੋਵੇ । ਲੁਧਿਆਣਾ ਟ੍ਰਿਪਲ ਮਰਡਰ ਨੂੰ ਪੁਲਿਸ ਨੇ ਹੱਲ ਕਰਦੇ ਹੋਏ ਗੁਆਂਢੀ ਨੂੰ ਫੜ ਲਿਆ ਹੈ ਪਰ ਹੁਣ ਮੋਗਾ ਤੋਂ ਮਿਲੀ 22 ਸਾਲ ਦੀ ਕੁੜੀ ਦੀ ਲਾਸ਼ ਪੁਲਿਸ ਦੇ ਲਈ ਬੁਝਾਰਤ ਬਣ ਗਈ ਹੈ। ਕੁੜੀ ਦੇ ਹੱਥ ਪੈਰ ਚੁੰਨੀ ਦੇ ਨਾਲ ਬੰਨੇ ਹੋਏ ਸਨ । ਇਸ ਲਈ ਪੁਲਿਸ ਨੂੰ ਕਤਲ ਤੋਂ ਇਲਾਵਾ ਹੋਰ ਵੀ ਸ਼ੱਕ ਹੈ ।
ਮੋਗਾ ਦੇ ਪਿੰਡ ਬੁੱਟਰ ਵਿੱਚ ਸਵੇਰ ਵੇਲੇ ਪਿੰਡ ਦੇ ਕੁਝ ਲੋਕ ਜਾ ਰਹੇ ਸਨ ਤਾਂ ਇੱਕ ਨੇ ਦੱਸਿਆ ਕਿ ਸੜਕ ਦੇ ਕਿਨਾਰੇ ਇੱਕ ਕੁੜੀ ਦੀ ਲਾਸ਼ ਪਈ ਹੈ । ਮੌਕੇ ‘ਤੇ ਪਹੁੰਚ ਕੇ ਪਿੰਡ ਬੁੱਟਰ ਦੇ ਲੋਕਾਂ ਨੇ ਵੇਖਿਆ ਤਾਂ ਲਾਸ਼ 22 ਸਾਲਾ ਜਸਵਿੰਦਰ ਕੌਰ ਸੀ। ਮੂੰਹ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਹੱਥ ਬੰਨੇ ਹੋਏ ਸਨ, ਜਿਵੇਂ ਕਿਸੇ ਨੇ ਬੇਦਰਦੀ ਨਾਲ ਕਤਲ ਕਰਕੇ ਲਾਸ਼ ਸੁੱਟ ਦਿੱਤੀ ਹੋਵੇ।
ਫ਼ੌਰਨ ਪੁਲਿਸ ਨੂੰ ਇਤਲਾਹ ਕੀਤਾ ਗਿਆ। ਮੌਕੇ ‘ਤੇ ਘਰ ਵਾਲੇ ਵੀ ਪਹੁੰਚੇ ਅਤੇ ਲਾਸ਼ ਦੀ ਪਛਾਣ ਕੀਤੀ ਗਈ । ਦੱਸਿਆ ਜਾ ਰਿਹਾ ਹੈ ਮ੍ਰਿਤਕ ਜਸਵਿੰਦਰ ਰਲਿਆ ਦੀ ਰਹਿਣ ਵਾਲੀ ਹੈ। ਹੁਣ ਤੱਕ ਇਹ ਸਾਹਮਣੇ ਆਇਆ ਹੈ ਕਿ ਜਸਵਿੰਦਰ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਪਿਛਲੇ ਮਹੀਨੇ ਹੀ ਤਲਾਕ ਹੋਇਆ ਹੈ। ਉਹ ਆਪਣੀ ਮਾਂ ਦੇ ਨਾਲ ਘਰ ਵਿੱਚ ਰਹਿੰਦੀ ਸੀ ਪਿਤਾ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਅਕਸਰ ਆਪਣੀ ਮਾਂ ਦੇ ਨਾਲ ਬਾਹਰ ਵੀ ਜਾਂਦੀ ਰਹਿੰਦੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਇਹ ਸ਼ੱਕ
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਜਿਸ ਤੋਂ ਬਾਅਦ ਪਤਾ ਚੱਲੇਗਾ ਕਿ ਮੌਤ ਦਾ ਕਾਰਨ ਕੀ ਹੈ ? ਸਰੀਰ ਦੇ ਕਿਹੜੇ ਹਿੱਸੇ ਵਿੱਚ ਸੱਟ ਲੱਗਣ ਦੀ ਵਜ੍ਹਾ ਕਰਕੇ ਮੌਤ ਹੋਈ ? ਕੀ ਕਾਤਲ ਨੇ ਜਸਵਿੰਦਰ ਦੇ ਨਾਲ ਮੌਤ ਤੋਂ ਪਹਿਲਾਂ ਕੋਈ ਗ਼ਲਤ ਕੰਮ ਵੀ ਕੀਤਾ ਸੀ । ਜਿਸ ਤਰ੍ਹਾਂ ਉਸ ਦੇ ਹੱਥ ਬੰਨੇ ਹੋਏ ਸਨ ਉਹ ਕਿਧਰੇ ਨਾ ਕਿਧਰੇ ਇਹ ਹੀ ਇਸ਼ਾਰਾ ਕਰ ਰਹੇ ਹਨ।
ਫ਼ਿਲਹਾਲ ਇਹ ਸਾਰਾ ਕੁਝ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਤੈਅ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਤਲਾਕ ਤੋਂ ਬਾਅਦ ਜਸਵਿੰਦਰ ਕਾਫ਼ੀ ਮਾਨਸਿਕ ਤਣਾਅ ਵਿੱਚ ਸੀ। ਕੀ ਕਿਸੇ ਨੇ ਉਸ ਦੇ ਤਣਾਅ ਦਾ ਫ਼ਾਇਦਾ ਚੁੱਕ ਦੇ ਹੋਏ ਪਹਿਲਾਂ ਕੁਝ ਗ਼ਲਤ ਕੀਤਾ ਫਿਰ ਮੌਤ ਦੇ ਘਾਟ ਉਤਾਰ ਦਿੱਤਾ ? ਕੀ ਇਸ ਕਤਲ ਕਾਂਡ ਵਿੱਚ ਉਸ ਦੇ ਸਾਬਕਾ ਪਤੀ ਅਤੇ ਸਹੁਰੇ ਪਰਿਵਾਰ ਦਾ ਕੋਈ ਰੋਲ ਹੈ ? ਕੀ ਕਿਸੇ ਨਾਲ ਜ਼ਮੀਨ ਜਾਂ ਫਿਰ ਕਿਸੇ ਹੋਰ ਚੀਜ਼ ਨੂੰ ਲੈ ਕੇ ਦੁਸ਼ਮਣੀ ਸੀ ? ਪੁਲਿਸ ਜਸਵਿੰਦਰ ਦੀ ਮਾਂ ਦਾ ਬਿਆਨ ਵੀ ਦਰਜ ਕਰ ਰਹੀ ਹੈ ਤਾਂਕਿ ਤੈਅ ਤੱਕ ਪਹੁੰਚਿਆ ਜਾ ਸਕੇ ।