India Punjab

ਮੋਦੀ ਦਾ ਪੰਜਾਬ ਸਰਕਾਰ ਨੂੰ ਇਨਕਾਰ, ਪਾਕਿਸਤਾਨ ਤੋਂ ਆਕਸੀਜਨ ਲੈਣ ਦਾ ਵਿਵਾਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਆਕਸੀਜਨ ਦੀ ਚਿੰਤਾਜਨਕ ਘਾਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨ ਨਾਲ ‘ਆਕਸੀਜਨ ਕੋਰੀਡਾਰ’ ਦੀ ਸਹੂਲਤ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸੂਬੇ ਦੇ ਹੋਰ ਮੰਤਰੀਆਂ ਨੇ ਮੋਦੀ ਨੂੰ ਪਾਕਿਸਤਾਨ ਤੋਂ ਆਕਸੀਜਨ ਖਰੀਦਣ ਦੀ ਅਪੀਲ ਕੀਤੀ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਨੇ ਪਾਕਿਸਤਾਨ ਤੋਂ ਕਿਸੇ ਵੀ ਤਰ੍ਹਾਂ ਦੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਕੈਪਟਨ ਨੇ ਦੋ ਵਾਰ ਲਿਖੀ ਸੀ ਮੋਦੀ ਨੂੰ ਚਿੱਠੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 4 ਮਈ ਨੂੰ ਚਿੱਠੀ ਲਿਖ ਕੇ ਪੰਜਾਬ ਵਿੱਚ ਆਕਸੀਜਨ ਸਪਲਾਈ ਦੀ ਘਾਟ ਬਾਰੇ ਜਾਣੂ ਕਰਵਾਇਆ। ਕੈਪਟਨ ਨੇ ਕਿਹਾ ਕਿ ਮੈਂ ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੂੰ ਚਿੱਠੀ ਅਤੇ ਫੌਨ ਰਾਹੀਂ ਇਸ ਮਾਮਲੇ ਸਬੰਧੀ ਜਾਣੂ ਕਰਵਾਇਆ ਹੈ।

ਕੈਪਟਨ ਨੇ ਕੇਂਦਰ ਸਰਕਾਰ ਨੂੰ ਯਾਦ ਦਿਵਾਉਂਦਿਆਂ ਕਿਹਾ ਕਿ ਦੋ ਹਫਤੇ ਪਹਿਲਾਂ ਅਸੀਂ ਭਾਰਤ ਸਰਕਾਰ ਨੂੰ ਸੁਝਾਅ ਦਿੱਤਾ ਸੀ ਕਿ ਸਾਨੂੰ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਤੋਂ ਆਕਸੀਜਨ ਦੀ ਸਪਲਾਈ ਕਰਨ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਜ਼ਮੀਨੀ ਤੌਰ ‘ਤੇ ਪਾਕਿਸਤਾਨ ਪੰਜਾਬ ਦੇ ਨੇੜੇ ਪੈ ਜਾਂਦਾ ਹੈ। ਅਸੀਂ ਸਰਕਾਰ ਨੂੰ ਇਹ ਵੀ ਸੁਝਾਅ ਦਿੱਤਾ ਸੀ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪੰਜਾਬ ਨੂੰ ਕਿਸੇ ਨੇੜਲੇ ਸ੍ਰੋਤ ਤੋਂ ਆਕਸੀਜਨ ਦੀ ਸਪਲਾਈ ਕਰਨ ਦੀ ਆਗਿਆ ਦਿੱਤੀ ਜਾਵੇ। ਪਰ ਮੈਨੂੰ ਅਫਸੋਸ ਹੈ ਕਿ ਸਾਡੀਆਂ ਇਨ੍ਹਾਂ ਦੋਵਾਂ ਮੰਗਾਂ ਵਿੱਚੋਂ ਇੱਕ ਵੀ ਮੰਗ ‘ਤੇ ਅਮਲ ਨਹੀਂ ਕੀਤਾ ਗਿਆ।

ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਆਕਸੀਜਨ ਦੀ ਮੰਗ ਵੱਧਦੀ ਜਾ ਰਹੀ ਹੈ ਕਿਉਂਕਿ ਪੰਜਾਬ ਵਿੱਚ 10 ਹਜ਼ਾਰ ਮਰੀਜ਼ ਆਕਸੀਜਨ ਲੈਵਲ ‘ਤੇ ਹਨ। ਪੰਜਾਬ ਕੋਲ ਫਿਲਹਾਲ ਸਿਰਫ 195 ਮੀਟਰਿਕ ਆਕਸੀਜਨ ਹੈ, ਜਿਸ ਵਿੱਚੋਂ 95 ਮੀਟਰਿਕ ਆਕਸੀਜਨ ਬੋਕਾਰੋ ਤੋਂ ਆਈ ਹੈ ਅਤੇ ਬਾਕੀ 105 ਮੀਟਰਿਕ ਆਕਸੀਜਨ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਆਈ ਹੈ।

ਕੈਪਟਨ ਨੇ ਕਿਹਾ ਕਿ ਅਸੀਂ ਰੋਜ਼ਾਨਾ ਦੋ ਖਾਲੀ ਟੈਂਕਰਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਰਾਂਚੀ ਨੂੰ ਰਵਾਨਾ ਕਰਦੇ ਹਾਂ, ਜੋ ਕਿ ਆਕਸੀਜਨ ਨਾਲ ਭਰ ਕੇ ਸੜਕੀ ਰਸਤੇ ਰਾਹੀਂ ਬੋਕਾਰੋ ਤੋਂ 48-50 ਘੰਟਿਆਂ ਦਾ ਸਫਰ ਤੈਅ ਕਰਕੇ ਪੰਜਾਬ ਪਹੁੰਚਦੇ ਹਨ। ਅਸੀਂ ਸਰਕਾਰ ਨੂੰ ਪਹਿਲਾਂ ਵੀ ਮੰਗ ਕਰ ਚੁੱਕੇ ਹਾਂ ਕਿ ਸੂਬੇ ਨੂੰ 20 ਹੋਰ ਟੈਂਕਰ ਪ੍ਰਦਾਨ ਕੀਤੇ ਜਾਣ ਤਾਂ ਜੋ 90 ਮੀਟਰਿਕ ਆਕਸੀਜਨ ਦੀ ਸਪਲਾਈ ਬੋਕਾਰੋ ਤੋਂ ਨਿਰਵਿਘਨ ਚੱਲਦੀ ਰਹੇ।

  • ਕੈਪਟਨ ਨੇ ਕੇਂਦਰ ਸਰਕਾਰ ਤੋਂ ਪੰਜਾਬ ਲਈ ਆਪਣੇ ਨੇੜਲੇ ਸ੍ਰੋਤ ਤੋਂ 50 ਮੀਟਰਿਕ ਆਕਸੀਜਨ ਦੀ ਸਪਲਾਈ ਲਈ ਇਜਾਜ਼ਤ ਮੰਗੀ ਹੈ।
  • ਕੈਪਟਨ ਨੇ ਸਰਕਾਰ ਤੋਂ ਆਕਸੀਜਨ ਲਈ 20 ਹੋਰ ਟੈਂਕਰਾਂ ਦੀ ਮੰਗ ਕੀਤੀ ਹੈ।

ਪੰਜਾਬ ਸਰਕਾਰ ਨੇ ਪਾਕਿਸਤਾਨ ਤੋਂ ਆਕਸੀਜਨ ਖਰੀਦਣ ਦੀ ਮੰਗ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ 25 ਅਪ੍ਰੈਲ ਨੂੰ ਭਾਰਤ ਨੂੰ ਕੋਵਿਡ ਸਥਿਤੀ ਨਾਲ ਨਜਿੱਠਣ ਲਈ ਸਹਾਇਤਾ ਦੀ ਪੇਸ਼ਕਸ਼ ਕਰਨ ਤੋਂ ਬਾਅਦ ਕੀਤੀ। ਪਾਕਿਸਤਾਨ ਦੀ ਮਸ਼ਹੂਰ ਐਧੀ ਚੈਰਿਟੀ ( Edhi Charity ) ਨੇ ਭਾਰਤ ਵਿੱਚ ਵੱਧ ਰਹੇ ਕੋਵਿਡ-19 ਕੇਸਾਂ ਵਿੱਚ ਡਾਕਟਰੀ ਸਹਾਇਤਾ ਭੇਜਣ ਦੀ ਵੀ ਪੇਸ਼ਕਸ਼ ਕੀਤੀ ਹੈ।

ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ‘ਭਾਰਤ ਸਰਕਾਰ ਦਾ ਪਾਕਿਸਤਾਨ ਤੋਂ ਆਕਸੀਜਨ ਖਰੀਦਣ ਤੋਂ ਇਨਕਾਰ ਕਰਨਾ ਪੰਜਾਬ ਦੇ ਮਰੀਜ਼ਾਂ ਲਈ ਘਾਤਕ ਸਿੱਧ ਹੋ ਰਿਹਾ ਹੈ, ਜੋ ਇਹ ਨਹੀਂ ਜਾਣਦੇ ਕਿ ਕਿਹੜਾ ਸਾਹ ਉਨ੍ਹਾਂ ਦਾ ਆਖਰੀ ਸਾਹ ਹੋਵੇਗਾ।

ਔਜਲਾ ਨੇ ਪਹਿਲਾਂ ਮੋਦੀ ਨੂੰ 26 ਅਪ੍ਰੈਲ ਨੂੰ ਪੱਤਰ ਲਿਖ ਕੇ ਪਾਕਿਸਤਾਨ ਨਾਲ ਵਿਸ਼ੇਸ਼ ਆਕਸੀਜਨ ਲਾਂਘੇ ਦੀ ਮੰਗ ਕੀਤੀ ਸੀ ਪਰ ਮੋਦੀ ਵੱਲੋਂ ਕੋਈ ਜਵਾਬ ਨਾ ਆਉਣ ‘ਤੇ ਔਜਲਾ ਨੇ 27 ਅਪ੍ਰੈਲ ਨੂੰ ਮੁੜ ਪੱਤਰ ਲਿਖਿਆ। ਜਦੋਂ ਫਿਰ ਜਵਾਬ ਨਾ ਆਇਆ ਤਾਂ ਔਜਲਾ ਨੇ 2 ਮਈ ਅਤੇ 5 ਮਈ ਨੂੰ ਹੋਰ ਪੱਤਰ ਮੋਦੀ ਨੂੰ ਲਿਖੇ।

ਔਜਲਾ ਨੇ 4 ਮਈ ਨੂੰ ਇੱਕ ਬਿਆਨ ਵੀ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਅੰਮ੍ਰਿਤਸਰ ਦੇ ਵਾਹਗਾ-ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਤੋਂ ਆਕਸੀਜਨ ਦਰਾਮਦ ਕਰਨ ਦੀ ਆਗਿਆ ਦੇਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਔਜਲਾ ਨੇ ਕਿਹਾ ਕਿ ਅਸੀਂ ਬੋਕਾਰੋ ਤੋਂ ਆਕਸੀਜਨ ਲਿਆਉਣ ਦਾ ਇੰਤਜ਼ਾਰ ਕਰ ਰਹੇ ਹਾਂ ਜਦਕਿ ਅਸੀਂ ਆਪਣੇ ਤੋਂ ਸਿਰਫ 50 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਲਾਹੌਰ ਤੋਂ ਆਕਸੀਜਨ ਲੈ ਸਕਦੇ ਹਾਂ।

ਕੀ ਹਨ ਪੰਜਾਬ ਦੇ ਹਾਲਾਤ ?

ਪਿਛਲੇ ਹਫਤੇ ਅੰਮ੍ਰਿਤਸਰ ਦੇ ਤਿੰਨ ਹਸਪਤਾਲਾਂ ਨੇ ਆਕਸੀਜਨ ਸਟਾਕ ਖਤਮ ਹੋਣ ਦੀ ਚਿੰਤਾ ਜ਼ਾਹਿਰ ਕੀਤੀ ਸੀ।

24 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਨੀਲਕੰਠ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ 6 ਮਰੀਜ਼ਾਂ ਦੀ ਮੌਤ ਹੋ ਗਈ ਸੀ।

ਕੇਂਦਰ ਸਰਕਾਰ ਨੇ 11 ਮਈ ਨੂੰ ਪੰਜਾਬ ਦਾ ਆਕਸੀਜਨ ਕੋਟਾ 247 ਮੀਟਰਿਕ ਵਧਾਇਆ ਸੀ।