‘ਦ ਖਾਲਸ ਬਿਉਰੋ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿੱਚ ਹਵਾ ਵੱਗਦੀ ਨਹੀਂ ਦਿਸ ਰਹੀ। ਅੱਜ ਉਨ੍ਹਾਂ ਨੂੰ ਪੰਜਾਬ ਦੇ ਬਹੁ-ਚਰਚਿਤ ਦੌਰੇ ਦੌਰਾਨ ਆਪਣੇ ਦਿਲ ਦੀ ਗੱਲ ਕਹੇ ਤੋਂ ਬਿਨਾਂ ਹੀ ਵਾਪਸ ਮੁੜਨਾ ਪਿਆ। ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਨੂੰ ਲੈ ਕੇ ਕਿਸਾਨਾਂ ਵੱਲੋਂ ਪਹਿਲਾਂ ਹੀ ਵੱਡਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਸੀ। ਮੌਸਮ ਖਰਾਬ ਹੋਣ ਦੀ ਵਜ੍ਹਾ ਕਾਰਨ ਅਤੇ ਕਿਸਾਨਾਂ ਦੇ ਸੜਕਾਂ ‘ਤੇ ਡਟੇ ਰਹਿਣ ਕਾਰਨ ਉਨ੍ਹਾਂ ਨੂੰ ਫਿਰੋਜ਼ਪੁਰ ਦੀ ਰੈਲੀ ਰੱਦ ਕਰਨੀ ਪਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸੈਨੀਵਾਲਾ ਤੋਂ ਹੀ ਦਿੱਲੀ ਨੂੰ ਪਰਤ ਜਾਣਗੇ।
ਸੂਬੇ ਦੇ ਵੱਖ-ਵੱਖ ਥਾਂਵਾਂ ਤੋਂ ਮਿਲੀਆਂ ਖਬਰਾਂ ਮੁਤਾਬਕ ਵਰ੍ਹਦੇ ਮੀਂਹ ਦੀ ਪਰਵਾਹ ਨਾ ਕਰਦਿਆਂ ਕਿਸਾਨ ਸੜਕਾਂ ਉੱਤੇ ਡਟੇ ਰਹੇ। ਭਾਜਪਾਈਆਂ ਨੂੰ ਰੋਕਣ ਲਈ ਬੀਤੀ ਰਾਤ ਤੋਂ ਹੀ ਸੜਕਾਂ ‘ਤੇ ਰੋਕਾਂ ਲਾ ਦਿੱਤੀਆਂ ਗਈਆਂ ਸਨ। ਪੁਲਿਸ ਨੇ ਕਿਸਾਨਾਂ ਨੂੰ ਖਿੰਡਾਉਣ ਲਈ ਬਾਹੂਬਲ ਦੀ ਵਰਤੋਂ ਕੀਤੀ ਪਰ ਕਿਸਾਨ ਅੜੇ ਰਹੇ। ਕਈ ਥਾਂ ਕਿਸਾਨਾਂ ਨੇ ਰੋਸ ਵਜੋਂ ਪ੍ਰਧਾਨ ਮੰਤਰੀ ਦੇ ਪੁਤਲੇ ਵੀ ਫੂਕੇ। ਸਰਕਾਰੀ ਤੌਰ ‘ਤੇ ਮਿਲੀ ਜਾਣਕਾਰੀ ਮੁਤਾਬਕ ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਨੂੰ ਆਪਣਾ ਜਹਾਜ਼ ਬਠਿੰਡਾ ਵਿੱਚ ਉਤਾਰਨਾ ਪਿਆ ਜਿੱਥੋਂ ਸੜਕੀ ਰਸਤੇ ਜ਼ਰੀਏ ਫਿਰੋਜ਼ਪੁਰ ਲਈ ਰਵਾਨਾ ਤਾਂ ਹੋ ਗਏ ਪਰ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਗੱਲਾਂ ਦਿਲ ਵਿੱਚ ਲੈ ਕੇ ਵਾਪਸ ਮੁੜਨਾ ਪਿਆ। ਉਨ੍ਹਾਂ ਨੇ ਅੱਜ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਾ ਸੀ। ਰੈਲੀ ਨੂੰ ਹੁੰਗਾਰਾ ਨਾ ਮਿਲਣ ਕਾਰਨ ਕੁਰਸੀਆਂ ਖਾਲੀ ਪਈਆਂ ਰਹਿ ਗਈਆਂ।
ਇਸੇ ਦੌਰਾਨ ਪਤਾ ਲੱਗਾ ਹੈ ਕਿ ਕਾਂਗਰਸ ਨੇ ਕਰੋਨਾ ਦੇ ਮੱਦੇਨਜ਼ਰ ਵੱਖ-ਵੱਖ ਸੂਬਿਆਂ ਵਿੱਚ ਹੋਣ ਵਾਲੀਆਂ ਚੋਣ ਰੈਲੀਆਂ ਰੱਦ ਕਰ ਦਿੱਤੀਆਂ ਹਨ। ਇਹ ਜਾਣਕਾਰੀ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਨੇ ਦਿੱਤੀ ਹੈ। ਖ਼ਬਰਾਂ ਤਾਂ ਇਹ ਵੀ ਮਿਲਣ ਲੱਗੀਆਂ ਹਨ ਕਿ ਭਾਰਤੀ ਚੋਣ ਕਮਿਸ਼ਨ ਕਰੋਨਾ ਦੇ ਵੱਧ ਰਹੇ ਪ੍ਰਕੋਪ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੋਣ ਰੈਲੀਆਂ ਨਾ ਕਰਨ ਦੇ ਆਦੇਸ਼ ਜਾਰੀ ਕਰ ਸਕਦਾ ਹੈ।