‘ਦ ਖਾਲਸ ਬਿਉਰੋ:ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਕੱਛ ਵਿੱਚ ਸਥਿਤ ਗੁਰਦੁਆਰਾ ਲਖਪਤ ਸਾਹਿਬ ਤੋਂ ਦੇਸ਼ ਨੂੰ ਸੰਬੋਧਨ ਕੀਤਾ। ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਹੋ ਰਹੇ ਸਮਾਗਮ ’ਚ ਬੋਲਦਿਆਂ ਕਿਹਾ ਕਿ ਦੇਸ਼ ਦੇ ਸਮਾਜਿਕ ਅਤੇ ਧਾਰਮਿਕ ਸੁਧਾਰਾਂ ਵਿੱਚ ਸਿੱਖ ਗੁਰੂਆਂ ਦਾ ਅਹਿਮ ਯੋਗਦਾਨ ਹੈ। ਇਹ ਸਾਡੀ ਸਰਕਾਰ ਦਾ ਸੁਭਾਗ ਹੈ ਕਿ ਅਫਗਾਨਿਸਤਾਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਹੀ-ਸਲਾਮਤ ਵਾਪਸ ਲਿਆਂਦੇ ਗਏ ਹਨ ਅਤੇ 2016-2017 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 500 ਸਾਲਾ ਜਨਮ ਸ਼ਤਾਬਦੀ ਅਤੇ 2018-2019 ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਉਤਸਵ ਮੌਕੇ ਸਾਡੀ ਸਰਕਾਰ ਨੇ ਪੂਰੇ ਪ੍ਰਬੰਧ ਕੀਤੇ।
ਆਪਣੇ ਅਮਰੀਕਾ ਦੌਰੇ ਬਾਰੇ ਦੱਸਦਿਆਂ ਉਹਨਾਂ ਦੱਸਿਆ ਕਿ ਅਮਰੀਕਾ ਤੋਂ 150 ਦੁਰਲੱਭ ਵਸਤੂਆਂ ਵਾਪਸ ਲਿਆਂਦੀਆਂ ਗਈਆਂ ਹਨ, ਜਿਸ ਵਿੱਚ ਇੱਕ ਛੋਟੀ ਕਿਰਪਾਨ ਉੱਤੇ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਨਾਂ ਫਾਰਸੀ ਵਿੱਚ ਲਿਖਿਆ ਹੋਇਆ ਹੈ। ਗੁਜਰਾਤ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੰਜ ਪਿਆਰਿਆਂ ਵਿੱਚੋਂ ਇੱਕ ਭਾਈ ਮੋਹਕਮ ਜੀ ਦਵਾਰਕਾ,ਗੁਜਰਾਤ ਤੋਂ ਸਨ। ਉਹਨਾਂ ਹੋਰ ਬੋਲਦਿਆਂ ਕਿਹਾ ਕਿ ਸਾਡੀ ਸਰਕਾਰ ਨੇ ਕਰਤਾਰਪੁਰ ਲਾਂਘੇ ਨੂੰ 2019 ਵਿੱਚ ਪੂਰਾ ਕਰਕੇ ਦੇਸ਼ ਨੂੰ ਸਮਰਪਿਤ ਕੀਤਾ। ਸੰਕਟ ਵੇਲੇ ਕੋਰੋਨਾ ਕਾਲ ਵਿੱਚ ਗੁਰਦੁਆਰੇ ਅੱਗੇ ਆਏ। ਆਖਰ ਵਿੱਚ,ਲੋਕਾਂ ਨੂੰ ਕੱਛ ਰਣ ਉਤਸਵ ਵੇਖਣ ਦੀ ਅਪੀਲ ਕਰਦਿਆਂ ਉਹਨਾਂ,ਦੇਸ਼ ਦੀ ਜਨਤਾ ਨੂੰ ਏਕਤਾ-ਅਖੰਡਤਾ ਬਣਾਏ ਰੱਖਣ ਦੀ ਅਪੀਲ ਕੀਤੀ।