‘ਦ ਖ਼ਾਲਸ ਬਿਊਰੋ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਿਰ ਪੰਜਾਬ ਪਹੁੰਚੇ। ਮੋਦੀ ਨੇ ਪਠਾਨਕੋਟ ਵਿੱਚ ਭਾਜਪਾ ਦੇ ਹੱਕ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਮੋਦੀ ਨੇ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ। ਮੋਦੀ ਨੇ ਵੋਟਾਂ ਤੋਂ ਬਾਅਦ ਪੰਜਾਬ ਨੂੰ ਨਵਾਂ ਪੰਜਾਬ ਬਣਾਉਣ ਦਾ ਦਾਅਵਾ ਕੀਤਾ। ਮੋਦੀ ਨੇ ਕਿਹਾ ਕਿ ਬਾਕੀ ਸੂਬਿਆਂ ਤੋਂ ਇਲਾਵਾ ਮੈਨੂੰ ਪੰਜਾਬ ਵਿੱਚ ਸੇਵਾ ਕਰਨ ਦਾ ਮੌਕਾ ਨਹੀਂ ਮਿਲਿਆ ਹੈ। ਇਸ ਲਈ ਬਾਕੀ ਸੂਬਿਆਂ ਵਾਂਗ ਤੁਸੀਂ ਵੀ ਮੈਨੂੰ ਪੰਜ ਸਾਲ ਤੁਹਾਡੀ ਸੇਵਾ ਕਰਨ ਦਾ ਮੌਕਾ ਦਿਉ। ਮੋਦੀ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਦੇਣ ਅਤੇ ਪੰਜਾਬ ਨੂੰ ਚੜਦੀਕਲਾ ਵਿੱਚ ਰੱਖਣ ਦਾ ਦਾਅਵਾ ਵੀ ਕੀਤਾ। ਖੇਤੀਬਾੜੀ, ਵਪਾਰ ਅਤੇ ਉਦਯੋਗ ਨੂੰ ਲਾਭਦਾਇਕ ਬਣਾਉਣ ਦਾ ਦਾਅਵਾ ਕੀਤਾ।
ਸੁਰੱਖਿਆ ਦਾ ਚੁੱਕਿਆ ਮੁੱਦਾ
ਮੋਦੀ ਨੇ ਸੁਰੱਖਿਆ ਮਾਮਲੇ ਨੂੰ ਲੈ ਕੇ ਕਿਹਾ ਕਿ ਪੰਜਾਬ ਦੇ ਲੋਕ ਬਾਰਡਰ ਦੀ ਰਾਖੀ ਕਰਦੇ ਹਨ ਪਰ ਕਾਂਗਰਸ ਦੇ ਲੋਕ ਫ਼ੌਜ ਦੀ ਬਹਾਦਰੀ ਦੇ ਸਬੂਤ ਮੰਗ ਰਹੀ ਹੈ। ਉਨ੍ਹਾਂ ਨੇ ਲੋਕਾਂ ਤੋਂ ਸਵਾਲ ਪੁੱਛਦਿਆਂ ਕਿਹਾ ਕਿ ਪੰਜਾਬ ਵਰਗੇ ਸਰਹੱਦੀ ਸੂਬੇ ਦੀ ਸੁਰੱਖਿਆ ਕੀ ਇਸ ਤਰ੍ਹਾਂ ਦੇ ਲੋਕਾਂ ਦੇ ਹੱਥਾਂ ਵਿੱਚ ਦਿੱਤੀ ਜਾਣੀ ਚਾਹੀਦੀ ਹੈ? ਇਹ ਲੋਕ ਪੰਜਾਬ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਤੋਂ ਨਹੀਂ ਹਟਣਗੇ। ਉਨ੍ਹਾਂ ਨੇ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਪੰਜਾਬ ਦੀ ਸੁਰੱਖਿਆ ਹਮੇਸ਼ਾ ਖਤਰੇ ਵਿੱਚ ਰਹੀ ਹੈ।
ਕਰਜ਼ੇ ਦੀ ਜਤਾਈ ਚਿੰਤਾ
ਮੋਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਨੂੰ ਕਰਜ਼ੇ ਵਿੱਚ ਡੁਬੋ ਦਿੱਤਾ ਹੈ। ਪੰਜਾਬ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਭਵਿੱਖ ਸਿਰਫ ਭਾਜਪਾ ਸਰਕਾਰ ਹੀ ਦੇ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਰ ਵਾਰ ਪੰਜਾਬ ਅਤੇ ਪੰਜਾਬੀਆਂ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਅਤੇ ਦੇਸ਼ ਦੇ ਸਵੈਮਾਣ ਦੇ ਖਿਲਾਫ ਕਿਹੜਾ ਮਾੜਾ ਕੰਮ ਨਹੀਂ ਕੀਤਾ। ਪੁਲਵਾਮਾ ਹਮਲੇ ਦੀ ਬਰਸੀ ‘ਤੇ ਵੀ ਕਾਂਗਰਸ ਦੇ ਲੋਕ ਆਪਣੇ ਪਾਪਾਂ ਤੋਂ ਨਹੀਂ ਰੁਕ ਸਕੇ। ਉਹ ਫਿਰ ਸਾਡੀ ਫੌਜ ਦੀ ਬਹਾਦਰੀ ਦਾ ਸਬੂਤ ਮੰਗ ਰਹੇ ਹਨ। ਮੈਂ ਕਾਂਗਰਸ ਨੂੰ ਢੁੱਕਵਾਂ ਜਵਾਬ ਦੇਣ ਲਈ ਬਹਾਦਰ ਜਵਾਨਾਂ ਅਤੇ ਸਾਬਕਾ ਫ਼ੌਜੀਆਂ ਦਾ ਧੰਨਵਾਦ ਕਰਦਾ ਹਾਂ।
ਮੋਦੀ ਨੇ ਕਿਹਾ ਕਿ ਪਹਿਲਾਂ ਅਸੀਂ ਇੱਕ ਛੋਟੀ ਪਾਰਟੀ ਵਜੋਂ ਹਾਸ਼ੀਏ ‘ਤੇ ਚੱਲਦੇ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਵਿੱਚ ਇਮਾਨਦਾਰ ਅਤੇ ਮਾਫੀਆ ਮੁਕਤ ਸਰਕਾਰ ਸਥਾਪਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਪੰਜਾਬ ਦੀ ਤਰੱਕੀ ਬਾਰੇ ਸੋਚਿਆ ਹੈ।
ਸੁਣਾਇਆ ਆਪਣੀ ਜ਼ਿੰਦਗੀ ਦਾ ਇੱਕ ਕਿੱਸਾ
ਪਠਾਨਕੋਟ ‘ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ”ਮੈਂ ਇੱਕ ਕਾਰਜਕਰਤਾ ਦੇ ਰੂਪ ‘ਚ ਕਦੇ ਦੁਪਹੀਆ ਵਾਹਨ ‘ਤੇ, ਕਦੇ ਰੇਲ ਦੇ ਡੱਬੇ ‘ਚ ਪਠਾਨਕੋਟ ਆਉਂਦਾ ਸੀ। ਕਦੇ ਜੰਮੂ ਤੋਂ ਦਿੱਲੀ ਜਾਂਦਾ ਸੀ, ਤਾਂ ਰਾਤ ਨੂੰ ਪਠਾਨਕੋਟ ਦੇ ਅਨੇਕ ਪਰਿਵਾਰ ਸਟੇਸ਼ਨ ‘ਤੇ ਮੇਰੇ ਲਈ ਖਾਣਾ ਲੈ ਕੇ ਆਉਂਦੇ ਸਨ। ਉਨ੍ਹਾਂ ਨੇ ਕਿਹਾ ਕਿ ਮਾਝੇ ਦੀ ਇਸ ਮਿੱਟੀ ਨੇ ਮੈਨੂੰ ਮਾਂ ਵਰਗਾ ਪਿਆਰ, ਸਨੇਹ ਦਿੱਤਾ ਹੈ।”