ਦਿੱਲੀ : ਜੀ-20 ਦੇਸ਼ਾਂ ਦੇ ਮੌਜੂਦਾ ਪ੍ਰਧਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਮੇਲਨ ਦੀ ਸਮਾਪਤੀ ‘ਤੇ ਬ੍ਰਾਜ਼ੀਲ ਨੂੰ ਪ੍ਰਧਾਨਗੀ ਸੌਂਪੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਦੀ ਪ੍ਰਧਾਨਗੀ ਅਧਿਕਾਰਤ ਤੌਰ ’ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਇਜ਼ ਇਨਾਸੀਓ ਲੂਲਾ ਡਾ ਸਿਲਵਾ ਨੂੰ ਸੌਂਪ ਦਿੱਤੀ ਹੈ। ਮੋਦੀ ਨੇ ਰਸਮੀ ਹਥੌੜਾ ਡੀ ਸਿਲਵਾ ਦੇ ਹੱਥ ਫੜਾ ਕੇ ਇਸ ਅਧਿਕਾਰਤ ਰਸਮ ਨੂੰ ਪੂਰਾ ਕੀਤਾ।
ਜੀ 20 ਸੰਮੇਲਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਾਂ ਅਤੇ ਅੰਤਰਰਾਸ਼ਟਰੀ ਮਹਿਮਾਨਾਂ ਨਾਲ ਰਾਜਘਾਟ ਵਿਖੇ ਦੌਰਾ ਵੀ ਕੀਤਾ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅੱਜ ਸਵੇਰੇ ਰਾਜਘਾਟ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਮਗਰੋਂ ਭਾਰਤ ਦੀ ਆਪਣੀ ਫੇਰੀ ਮੁਕੰਮਲ ਕਰਕੇ ਵੀਅਤਨਾਮ ਲਈ ਰਵਾਨਾ ਹੋ ਗਏ। ਰਾਜਘਾਟ ’ਤੇ ਸ਼ਰਧਾਂਜਲੀ ਦੇਣ ਮੌਕੇ ਬਾਇਡਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਤੇ 20 ਸਮੂਹ ਦੇ ਹੋਰ ਆਗੂ ਵੀ ਮੌਜੂਦ ਸਨ। ਬਾਇਡਨ ਜੀ-20 ਸਿਖਰ ਵਾਰਤਾ ਵਿੱਚ ਸ਼ਾਮਲ ਹੋਣ ਲਈ ਸ਼ੁੱਕਰਵਾਰ ਸ਼ਾਮੀਂ ਦਿੱਲੀ ਪੁੱਜੇ ਸਨ ਤੇ ਉਸੇ ਰਾਤ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੱਖ ਵੱਖ ਮੁੱਦਿਆਂ ’ਤੇ ਦੁਵੱਲੀ ਗੱਲਬਾਤ ਕੀਤੀ ਸੀ। ਬਾਇਡਨ ਸ਼ਨਿੱਚਰਵਾਰ ਨੂੰ ਜੀ-20 ਸਿਖਰ ਵਾਰਤਾ ਦੇ ਅਹਿਮ ਸੈਸ਼ਨਾਂ ਵਿੱਚ ਵੀ ਸ਼ਾਮਲ ਸਨ।
ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਜਦੋਂ ਜੀ-20 ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਦਿੱਲੀ ਵਿੱਚ ਹਨ ਤਾਂ ਬਰਤਾਨੀਆ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਉਹ ਪਿਛਲੇ ਪੰਜ ਸਾਲ ਤੋਂ ਭਾਰਤ ਦੀ ਜੇਲ੍ਹ ’ਚ ਬੰਦ ਆਪਣੇ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਰਿਹਾਈ ਦੀ ਮੰਗ ਨਹੀਂ ਕਰੇਗੀ।
‘ਦਿ ਗਾਰਡੀਅਨ’ ਦੀ ਰਿਪੋਰਟ ਅਨੁਸਾਰ ਬਰਤਾਨਵੀ ਸਿੱਖ ਜਗਤਾਰ ਸਿੰਘ ਜੌਹਲ ਦੀ ਰਿਹਾਈ ਦੀ ਮੰਗ ਕਰਨ ਤੋਂ ਇਨਕਾਰ ਅੱਜ ਸਕਾਟਿਕਸ਼ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਮਾਰਟਿਨ ਡੋਕਰਟੀ ਹਿਊਜ਼ ਨੂੰ ਭੇਜੇ ਗਏ ਪੱਤਰ ਵਿੱਚ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਉਨ੍ਹਾਂ ਦੇ ਹਿੱਤ ਵਿੱਚ ਨਹੀਂ ਹੋਵੇਗੀ। ਬਰਤਾਨੀਆ ਦੇ ਏਸ਼ੀਆ ਲਈ ਮੰਤਰੀ ਲੌਰਡ ਅਹਿਮਦ ਦੇ ਦਸਤਖਤਾਂ ਹੇਠਲੇ ਪੱਤਰ ’ਚ ਕਿਹਾ ਗਿਆ ਹੈ, ‘ਜੌਹਲ ਦੀ ਰਿਹਾਈ ਦੀ ਮੰਗ ਕਰਨ ਦੇ ਸੰਭਾਵੀ ਲਾਭ ਤੇ ਜੋਖਮਾਂ ਦੇ ਨਾਲ ਨਾਲ ਅਜਿਹਾ ਕਰਨ ਨਾਲ ਪੈਣ ਵਾਲੇ ਪ੍ਰਭਾਵਾਂ ’ਤੇ ਸਾਵਧਾਨੀ ਨਾਲ ਵਿਚਾਰ ਕਰਨ ਤੋਂ ਬਾਅਦ ਸਾਨੂੰ ਨਹੀਂ ਲਗਦਾ ਕਿ ਇਹ ਕਾਰਵਾਈ ਉਨ੍ਹਾਂ ਦੇ ਹਿੱਤ ਵਿੱਚ ਹੋਵੇਗੀ।’ ਉਨ੍ਹਾਂ ਕਿਹਾ ਕਿ ਭਾਰਤ ਵਿਚ ਜੌਹਲ ਖ਼ਿਲਾਫ਼ ਕਾਰਵਾਈ ਅਜੇ ਚੱਲ ਰਹੀ ਹੈ ਤੇ ਉਸ ਨੂੰ ਰਿਹਾਅ ਕਰਨ ਦੀ ਮੰਗ ਕਰਨਾ ਭਾਰਤੀ ਨਿਆਂਇਕ ਪ੍ਰਕਿਰਿਆ ’ਚ ਦਖਲ ਦੇਣ ਵਾਂਗ ਹੈ ਅਤੇ ਇਸ ਨਾਲ ਬਰਤਾਨੀਆ ਦੀ ਕੌਂਸੁਲਰ ਸਹਾਇਤਾ ਮੁਹੱਈਆ ਕਰਨ ਦੀ ਸਮਰੱਥਾ ਵੀ ਖਤਰੇ ’ਚ ਪੈ ਸਕਦੀ ਹੈ।