India

ਮੋਦੀ ਨੇ ਖੇਤੀ ਆਰਡੀਨੈਂਸ ਬਿੱਲ ਪਾਸ ਹੋਣ ‘ਤੇ ਕਿਸਾਨਾਂ ਨੂੰ ਦਿੱਤੀ ਵਧਾਈ

‘ਦ ਖ਼ਾਲਸ ਬਿਊਰੋ:- ਖੇਤੀ ਬਿੱਲ ਪਾਸ ਹੋਣ ‘ਤੇ ਜਿੱਥੇ ਇੱਕ ਪਾਸੇ ਕਿਸਾਨਾਂ ਵਿੱਚ ਰੋਹ ਹੈ ਤੇ ਉਹ ਸੰਘਰਸ਼ ਕਰ ਰਹੇ ਹਨ, ਉੱਥੇ  ਹੀ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਆਰਡੀਨੈਂਸ ਬਿੱਲ ਪਾਸ ਹੋਣ ‘ਤੇ ਕਿਸਾਨਾਂ ਨੂੰ ਵਧਾਈ ਦਿੱਤੀ ਹੈ।  ਰਾਜ ਸਭਾ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਉਨ੍ਹਾਂ ਟਵੀਟ ਕਰਕੇ ਕਿਹਾ ਕਿ ਅੱਜ ਭਾਰਤ ਦੇ ਖੇਤੀਬਾੜੀ ਇਤਿਹਾਸ ਵਿੱਚ ਇਕ ਵੱਡਾ ਦਿਨ ਹੈ।

“ਮੈਂ ਆਪਣੇ ਮਿਹਨਤੀ ਅੰਨਦਾਤਿਆਂ ਨੂੰ ਸੰਸਦ ਵਿੱਚ ਮਹੱਤਵਪੂਰਨ ਬਿੱਲਾਂ ਦੇ ਪਾਸ ਹੋਣ ਉੱਤੇ ਵਧਾਈ ਦਿੰਦਾ ਹਾਂ। ਇਹ ਨਾ ਸਿਰਫ ਖੇਤੀਬਾੜੀ ਸੈਕਟਰ ਵਿੱਚ ਇੱਕ ਮਿਸਾਲੀ ਤਬਦੀਲੀ ਲਿਆਏਗਾ, ਬਲਕਿ ਇਹ ਕਰੋੜਾਂ ਕਿਸਾਨਾਂ ਨੂੰ ਤਾਕਤ ਦੇਵੇਗਾ”।

ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਬੁਨਿਆਦੀ ਤਬਦੀਲੀਆਂ ਹੋਣਗੀਆਂ, ਬਲਕਿ ਇਹ ਕਰੋੜਾਂ ਕਿਸਾਨਾਂ ਦਾ ਸ਼ਕਤੀਕਰਨ ਕਰੇਗਾ।  ਮੋਦੀ ਨੇ ਕਿਹਾ ਕਿ “ਦਹਾਕਿਆਂ ਤੋਂ ਸਾਡੇ ਕਿਸਾਨੀ ਭੈਣ-ਭਰਾ ਕਈ ਤਰ੍ਹਾਂ ਦੇ ਬੰਧਨਾਂ ਵਿੱਚ ਜਕੜੇ ਹੋਏ ਸਨ। ਉਨ੍ਹਾਂ ਨੂੰ ਵਿਚੋਲਿਆਂ ਦਾ ਸਾਹਮਣਾ ਕਰਨਾ ਪਿਆ ਹੈ।

ਕਿਸਾਨਾਂ ਨੂੰ ਸੰਸਦ ਵਿੱਚ ਪਾਸ ਹੋਏ ਬਿੱਲਾਂ ਤੋਂ ਇਹ ਸਾਰੀ ਆਜ਼ਾਦੀ ਮਿਲੀ ਹੈ। ਇਹ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨ ਅਤੇ ਉਨ੍ਹਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਦੇ ਯਤਨਾਂ ਨੂੰ ਮਜ਼ਬੂਤ ​​ਕਰੇਗਾ”।