‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਦੀ ਮਾਡਲਿੰਗ ਤੋਂ ਪੰਜਾਬ ਦੇ ਆਗੂ ਕੁਝ ਜ਼ਿਆਦਾ ਹੀ ਨਰਾਜ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਮਾਡਲਿੰਗ ਨਾਲੋਂ ਪੰਜਾਬ ਦੇ ਹਿੱਤ ਜ਼ਿਆਦਾ ਜ਼ਰੂਰੀ ਹਨ। ਰਾਘਵ ਚੱਢਾ ਹਾਲ ਹੀ ਵਿੱਚ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਣੇ ਹਨ। ਦੂਜੇ ਪਾਸੇ ਇੱਕ ਹੋਰ ਕਾਂਗਰਸੀ ਆਗੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਕੈਟਵਾਕ ਸਾਡੇ ਲੀਡਰ ਦੇ ਭੰਗੜੇ ਦੇ ਸਟੰਟ ਤੋਂ ਵੀ ਮਾੜੀ ਹੈ।
ਦਰਅਸਲ ਬੀਤੇ ਦਿਨੀਂ ਰਾਘਵ ਚੱਢਾ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਸਨ। ਜਿਸ ‘ਚ ਉਹ ਰੈਂਪ ‘ਤੇ ਕੈਟਵਾਕ ਕਰ ਰਿਹਾ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਿਰੋਧੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਰਾਘਵ ਚੱਢਾ ਨੂੰ ਸਵਾਲ ਕੀਤਾ ਕਿ ਕੀ ਲੈਕਮੇ ਨਾਲ ਮਾਡਲਿੰਗ ਜ਼ਰੂਰੀ ਹੈ ਜਾਂ ਅਧਿਕਾਰਾਂ ਦੀ ਰਾਖੀ, ਜੋ ਭਾਜਪਾ ਸਾਡੇ ਤੋਂ ਖੋਹ ਰਹੀ ਹੈ।
ਦੂਜੇ ਪਾਸੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਵੀ ਟਵੀਟ ਕਰਦਿਆਂ ਰਾਘਵ ਚੱਢਾ ਦੀ ਮਾਡਲਿੰਗ ਵੀਡੀਓ ਪੋਸਟ ਕਰਦੇ ਹੋਏ ਮਜ਼ਾਕ ਉਡਾਇਆ ਹੈ। ਉਨ੍ਹਾਂ ਨੇ ਇਸ ਨੂੰ ਰਾਜ ਸਭਾ ਦੀ ਜਿੱਤ ਪਰੇਡ ਕਿਹਾ। ਢਿੱਲੋਂ ਨੇ ਕਿਹਾ ਕਿ ਚੱਢਾ ਦੀ ਮਾਡਲਿੰਗ ਸਾਡੇ ਭੰਗੜੇ ਦੇ ਸਿਆਸੀ ਸਟੰਟ ਨਾਲੋਂ ਵੀ ਮਾੜੀ ਹੈ। ਕੀ ਇਹ ਉਹੀ ਤਬਦੀਲੀ ਹੈ ਜੋ ਪੰਜਾਬ ਚਾਹੁੰਦਾ ਸੀ।