‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਈ ਵਾਰ ਕੁੱਝ ਘਟਨਾਵਾਂ ਅਜਿਹੀਆਂ ਵੀ ਵਾਪਰ ਜਾਂਦੀਆਂ ਹਨ, ਜਿਨ੍ਹਾਂ ‘ਤੇ ਵਿਸ਼ਵਾਸ਼ ਕਰਨਾ ਥੋੜ੍ਹਾ ਔਖਾ ਹੁੰਦਾ ਹੈ। ਪਰ ਤਾਇਵਾਨ ’ਚ ਇਕ ਵਿਅਕਤੀ ਨਾਲ ਜੋ ਵਾਪਰਿਆ ਉਹ ਸੱਚਮੁੱਚ ਹੀ ਹੈਰਾਨ ਕਰਨ ਵਾਲਾ ਹੈ।
ਇਸ ਵਿਅਕਤੀ ਦਾ ਇਕ ਸਾਲ ਪਹਿਲਾਂ ਝੀਲ ਵਿੱਚ ਆਈਫੋਨ ਡਿੱਗ ਗਿਆ ਸੀ। ਮੋਬਾਇਲ ਡਿੱਗਣ ਬਾਅਦ ਇਸ ਵਿਅਕਤੀ ਨੇ ਮੰਨ ਲਿਆ ਸੀ ਕਿ ਹੁਣ ਕਦੀ ਵੀ ਮੋਬਾਇਲ ਨਹੀਂ ਮਿਲੇਗਾ, ਪਰ ਉਸਦੇ ਦੋਸਤਾਂ ਨੇ ਹੌਸਲਾ ਦਿੱਤਾ ਕਿ ਮੋਬਾਇਲ ਮਿਲ ਜਾਵੇਗਾ, ਤੇ ਹੋਇਆ ਵੀ ਇਸੇ ਤਰ੍ਹਾਂ ਹੀ। ਹੈਰਾਨੀ ਵਾਲੀ ਗੱਲ ਹੈ ਕਿ ਏਨੇ ਸਮੇਂ ਬਾਅਦ ਮਿਲਿਆ ਬਿਲਕੁਲ ਠੀਕ ਕੰਮ ਕਰ ਰਿਹਾ ਹੈ।
ਦਰਅਸਲ 50 ਸਾਲਾਂ ਤੋਂ ਵੱਧ ਸਮੇਂ ’ਚ ਸਭ ਤੋਂ ਵੱਡੇ ਸੋਕੇ ਕਾਰਨ ਸਨਮੂਨ ਝੀਲ ’ਚ ਪਾਣੀ ਦਾ ਪੱਧਰ ਘੱਟ ਹੋ ਗਿਆ। ਤਾਇਵਾਨ ਨਿਊਜ਼ ’ਚ ਪਿਛਲੇ ਹਫ਼ਤੇ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਵਿਅਕਤੀ ਦੀ ਪਛਾਣ ਚੇਨ ਦੇ ਰੂਪ ’ਚ ਹੋਈ। ਚੇਨ ਨੇ ਕਿਹਾ ਕਿ ਝੀਲ ਦੇ ਪਾਣੀ ਦਾ ਪੱਧਰ ਘੱਟ ਹੋ ਜਾਣ ਨਾਲ ਉਸ ਦਾ ਆਈਫੋਨ ਮਿਲ ਗਿਆ ਹੈ। 15 ਮਾਰਚ 2020 ਨੂੰ ਜਦੋਂ ਚੇਨ ਝੀਲ ’ਚ ਪੈਡਲ ਬੋਰਡਿੰਗ ਲਈ ਗਏ ਤਾਂ ਉਸਨੇ ਫੋਨ ਨੂੰ ਵਾਟਰ ਪਰੂਫ ਪਲਾਸਟਿਕ ਪਾਊਚ ’ਚ ਰੱਖ ਕੇ ਗਲ਼ੇ ’ਚ ਲਟਕਾਇਆ ਸੀ। ਪੈਡਲ ਬੋਰਡਿੰਗ ਦੌਰਾਨ ਉਹ ਪਾਣੀ ’ਚ ਡਿੱਗੇ ਅਤੇ ਉਸ ਦਾ ਆਈਫੋਨ 11 ਪ੍ਰੋ ਮੈਕਸ ਵੀ ਗੁੰਮ ਹੋ ਗਿਆ। ਝੀਲ ਦਾ ਪਾਣੀ ਘੱਟ ਹੁੰਦੇ ਹੀ ਦੋਸਤਾਂ ਦੀ ਗੱਲ ਸੱਚ ਸਾਬਤ ਹੋਈ।