‘ਦ ਖ਼ਾਲਸ ਬਿਊਰੋ:- 28 ਅਗਸਤ ਨੂੰ ਹੋਏ ਮੌਨਸੂਨ ਦਾ ਇੱਕ ਦਿਨਾਂ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਪੰਜਾਬ ਦੇ ਵਜ਼ੀਰਾਂ ਅਤੇ ਅਫਸਰਾਂ ‘ਤੇ ਕੋਰੋਨਾ ਦਾ ਖਤਰਾ ਤੇਜੀ ਨਾਲ ਮੰਡਰਾਉਣਾ ਸ਼ੁਰੂ ਹੋ ਗਿਆ ਹੈ। ਹੁਣ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਅਤੇ ਨਵਾਂ ਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸੈਣੀ ਨੂੰ ਕੋਰੋਨਾਵਾਇਰਸ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। 28 ਅਗਸਤ ਨੂੰ ਹੋਏ ਵਿਧਾਨ ਸਭਾ ਸੈਸ਼ਨ ਦੌਰਾਨ ਹੁਣ ਤੱਕ ਚਾਰ ਵਿਧਾਇਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।
ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਰਕੇ ਜਦੋਂ ਉਨ੍ਹਾਂ ਸੁਨਾਮ ਦੇ ਸਿਵਲ ਹਸਪਤਾਲ ਤੋਂ ਕੋਰੋਨਾ ਟੈਸਟ ਕਰਵਾਇਆ ਤਾਂ ਰਿਪੋਰਟ ਪਾਜ਼ੀਟਿਵ ਪਾਈ ਗਈ। ਅਮਨ ਅਰੋੜਾ ਨੇ ਪਿਛਲੇ ਦਿਨਾਂ ‘ਚ ਆਪਣੇ ਸੰਪਰਕ ਵਿੱਚ ਆਏ ਸਾਰੇ ਸਾਥੀਆਂ ਨੂੰ ਟੈਸਟ ਕਰਵਾਉਣ ਲਈ ਅਤੇ ਆਪਣਾ ਧਿਆਨ ਰੱਖਣ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਨਿਰਮਲ ਸਿੰਘ ਸ਼ੁਤਰਾਣਾ ਦੀ ਵੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਅਤੇ ਵਿਧਾਨ ਸਭਾ ਸ਼ੈਸ਼ਨ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਇਕ ਕੁਲਬੀਰ ਜ਼ੀਰਾ ਮਿਲੇ ਸਨ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਆਪਣੇ-ਆਪ ਨੂੰ ਇਕਾਂਤਵਾਸ ਕਰ ਲਿਆ।